ਤਖ਼ਤ ਦਮਦਮਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ
ਗੁਰੂੁ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਨਗਰ ਕੀਰਤਨ ਸਜਾਇਆ ਗਿਆ। ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪਾਵਨ ਸਰੂਪ ਪਾਲਕੀ ਵਿੱਚ ਸੁਸ਼ੋਭਿਤ ਕੀਤਾ। ਨਗਰ ਕੀਰਤਨ ਦੀ ਸ਼ੁਰੂਆਤ ਮੁੱਖ ਗ੍ਰੰਥੀ ਭਾਈ ਗੁਰਜੰਟ ਸਿੰਘ ਵੱਲੋਂ ਕੀਤੀ ਅਰਦਾਸ ਮਗਰੋਂ ਹੋਈ। ਜਥੇਦਾਰ ਬਾਬਾ ਟੇਕ ਸਿੰਘ ਨੇ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪੇ ਭੇਟ ਕੀਤੇ। ਗਤਕਾ ਪਾਰਟੀਆਂ ਨੇ ਜੌਹਰ ਦਿਖਾਏ। ਰਸਤੇ ਵਿੱਚ ਲੰਗਰ ਲਗਾਏ ਗਏ ਸਨ ਤੇ ਸਵਾਗਤੀ ਗੇਟ ਸਜਾਏ ਗਏ ਸਨ। ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਸਮੁੱਚੀ ਕੌਮ ਨੂੰ ਗੁਰੂੁ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਉਣ ਅਤੇ ਗੁਰੂੁ ਸਾਹਿਬ ਦੀਆਂ ਸਿੱਖਿਆਵਾਂ ਗ੍ਰਹਿਣ ਕਰਨ ਦੀ ਅਪੀਲ ਕੀਤੀ। ਨਗਰ ਕੀਰਤਨ ਬਾਅਦ ਦੁਪਹਿਰ ਵਾਪਸ ਤਖ਼ਤ ਸਾਹਿਬ ਆ ਕੇ ਸੰਪਰੂਨ ਹੋਇਆ।
ਨਗਰ ਕੀਰਤਨ ਵਿੱਚ ਭਾਈ ਨਰਿੰਦਰਜੀਤ ਸਿੰਘ, ਵਧੀਕ ਮੈਨੇਜਰ ਗੁਰਦੇਵ ਸਿੰਘ, ਭੋਲਾ ਸਿੰਘ, ਅੰਤ੍ਰਿੰਗ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਸ਼੍ਰੋਮਣੀ ਕਮੇਟੀ ਮੈਂਬਰ ਜਗਸੀਰ ਸਿੰਘ ਮਾਂਗੇਆਣਾ, ਭੁਪਿੰਦਰ ਸਿੰਘ ਲਹਿਰੀ ਲੇਖਾਕਾਰ ਆਦਿ ਤੋਂ ਇਲਾਵਾ ਸੰਗਤ ਸ਼ਾਮਲ ਸੀ।
ਮਾਨਸਾ (ਪੱਤਰ ਪ੍ਰੇਰਕ): ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿੱਚ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ਸਹਿਜ ਪਾਠ ਦੇ ਭੋਗ ਉਪਰੰਤ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੌਰਾਨ ਵਿਦਿਅਕ, ਸੱਭਿਆਚਾਰਕ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਆ ਗਿਆ। ਸਕੂਲ ਦੇ ਡਾਇਰੈਕਟਰ ਦਰਸ਼ਨ ਸਿੰਘ ਨੇ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ’ਤੇ ਚਾਨਣ ਪਾਇਆ। ਇਸ ਮੌਕੇ ਸੁਖਵਿੰਦਰ ਸਿੰਘ, ਡਾ. ਗਰਿਮਾ ਮਹਾਜਨ, ਜੁਗਰਾਜ ਸਿੰਘ, ਪਰਮਜੀਤ ਸਿੰਘ, ਹੰਸਰਾਜ, ਕਰਮਦੀਪ ਕੌਰ, ਪਰਮਜੀਤ ਕੌਰ, ਕਿਰਨਜੀਤ ਕੌਰ ਸਿੱਧੂ ਵੀ ਮੌਜੂਦ ਸਨ।
ਇਸੇ ਦੌਰਾਨ ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿੱਚ ਵੀ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ਸਵੇਰ ਦੀ ਪ੍ਰਾਰਥਨਾ ਸਮੇਂ ਵਿਦਿਆਰਥੀਆਂ ਨੇ ਕੀਰਤਨ ਕੀਤਾ। ਵਿਦਿਆਰਥੀਆਂ ਨੇ ਗੁਰੂ ਸਾਹਿਬ ਦੇ ਉਪਦੇਸ਼ ਕਿਰਤ ਕਰੋ, ਨਾਮ ਤੇ ਸੇਵਾ ਦੇ ਸਿਧਾਂਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਬੱਚਿਆਂ ਨੂੰ ਗੁਰੂ ਸਾਹਿਬ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਆ
ਨਥਾਣਾ (ਭਗਵਾਨ ਦਾਸ ਗਰਗ): ਸਥਾਨਕ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਗੁਰੂ ਨਾਨਕ ਦੇਵੀ ਦੇ ਪ੍ਰਕਾਸ਼ ਪੁਰਬ ਸਬੰਧੀ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਅਧਿਆਪਕਾਂ ਨੇ ਗੁਰੂ ਜੀ ਦੇ ਉਪਦੇਸ਼ਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਡਾ. ਦੀਪਕਮਲ ਬਰਾੜ ਨੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਦੇ ਦੱਸੇ ਸੱਚ ਦੇ ਰਸਤੇ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਤਰ੍ਹਾਂ ਪਿੰਡ ਗੰਗਾ, ਗਿੱਦੜ, ਪੂਹਲਾ ਅਤੇ ਗੋਬਿੰਦਪੁਰਾ ਵਿੱਚ ਨਗਰ ਕੀਰਤਨ ਸਜਾਏ ਗਏ। ਵੱਖ ਵੱਖ ਪੜਾਵਾਂ ’ਤੇ ਸੰਗਤ ਵੱਲੋਂ ਲੰਗਰ ਲਾਏ ਗਏ। ਪ੍ਰਮੁੱਖ ਕਥਾ ਵਾਚਕ ਅਤੇ ਢਾਡੀ ਜਥਿਆਂ ਨੇ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਧਾਰਮਿਕ ਸਾਖੀਆਂ ਸੁਣਾਈਆਂ।
