ਭਾਵਦੀਨ ’ਚ ਨੌਜਵਾਨ ਦਾ ਕਤਲ ਕਰਨ ਵਾਲਾ ਗ੍ਰਿਫ਼ਤਾਰ
ਪਿੰਡ ਭਾਵਦੀਨ ’ਚ ਖੇਤਾਂ ’ਚ ਪਾਈਪ ਲਾਈਨ ਪਾਉਣ ਨੂੰ ਲੈ ਕੇ ਝਗੜੇ ’ਚ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ ’ਚ ਸ਼ਾਮਲ ਮੁਲਜ਼ਮ ਨੂੰ ਪੁਲੀਸ ਨੇ ਛੇ ਮਹੀਨਿਆਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਐੱਸ ਪੀ ਦੀਪਕ ਸਹਾਰਨ ਨੇ ਦੱਸਿਆ ਕਿ ਡਿੰਗ ਥਾਣੇ ਦੀ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਤਲ ਦੇ ਸਮੇਂ ਤੋਂ ਹੀ ਫਰਾਰ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ ਦਾ ਕਤਲ ਗੈਰ-ਕਾਨੂੰਨੀ ਹਥਿਆਰ ਨਾਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ 13 ਜੂਨ 2025 ਨੂੰ ਭਾਵਦੀਨ ਪਿੰਡ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਖੇਤ ਵਿੱਚ ਪਾਣੀ ਦੀ ਪਾਈਪਲਾਈਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਨੌਜਵਾਨ ਦਾ ਕਤਲ ਕਰ ਦਿੱਤਾ ਸੀ ਅਤੇ ਮੌਕੇ ਤੋਂ ਭੱਜ ਗਏ ਸਨ। ਉਨ੍ਹਾਂ ਦੱਸਿਆ ਕਿ ਡਿੰਗ ਥਾਣਾ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਕਰਕੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਡਿੰਗ ਪੁਲੀਸ ਦੀ ਟੀਮ ਨੇ ਮੁਲਜ਼ਮ ਨੂੰ ਫੜਨ ਲਈ ਲਗਾਤਾਰ ਛਾਪੇ ਮਾਰੇ ਪਰ ਮੁਲਜ਼ਮ ਪੁਲੀਸ ਤੋਂ ਬਚਣ ਲਈ ਲਗਾਤਾਰ ਆਪਣੇ ਟਿਕਾਣੇ ਬਦਲ ਰਿਹਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਪਰੇਸ਼ਨ ਟਰੈਕਡਾਊਨ ਤਹਿਤ ਡਿੰਗ ਪੁਲੀਸ ਨੇ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਲਖਬੀਰ ਸਿੰਘ, ਵਾਸੀ ਪਿੰਡ ਭਾਵਦੀਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਪਰੇਸ਼ਨ ਟਰੈਕਡਾਊਨ ਤਹਿਤ ਸਿਰਸਾ ਪੁਲੀਸ ਲੋੜੀਂਦੇ ਅਪਰਾਧੀਆਂ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਕਰ ਰਹੀ ਹੈ। ਪੁਲੀਸ ਸੁਪਰਡੈਂਟ ਨੇ ਸਾਰੇ ਥਾਣੇ ਇੰਚਾਰਜਾਂ ਨੂੰ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਲੋੜੀਂਦੇ ਅਪਰਾਧੀਆਂ ਦੀ ਗ੍ਰਿਫ਼ਤਾਰੀ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
