ਕਤਲ ਕਾਂਡ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਡੀ ਸੀ ਦਫ਼ਤਰ ਘੇਰਨ ਦਾ ਐਲਾਨ
ਪਿੰਡ ਵੰਗਲ ਵਿੱਚ ਆਜ਼ਾਦੀ ਘੁਲਾਟੀਏ ਸੁੱਚਾ ਸਿੰਘ ਦੇ ਪੋਤਰੇ ਸੁਖਦੇਵ ਸਿੰਘ ਦੇ ਕਤਲਾਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ ਐਕਸ਼ਨ ਕਮੇਟੀ ਨੇ 27 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਮਲੋਟ, ਨਿਰਮਲ ਸਿੰਘ ਸੰਗੂਧੌਣ, ਗੋਬਿੰਦ ਸਿੰਘ ਕੋਟਲੀ ਦਿਉਣ, ਗੁਰਮੀਤ ਸਿੰਘ ਲੁਬਾਣਿਆਂਵਾਲੀ, ਅਵਤਾਰ ਸਿੰਘ ਵੱਟੂ, ਰੁਪਿੰਦਰ ਸਿੰਘ ਡੋਹਕ, ਪੂਰਨ ਸਿੰਘ ਵੱਟੂ ਤੇ ਹੋਰਨਾਂ ਨੇ ਕਿਹਾ ਕਿ 14 ਅਕਤੂਬਰ ਨੂੰ ਆਜ਼ਾਦੀ ਘੁਲਾਟੀਏ ਸੁਖਦੇਵ ਸਿੰਘ ਵੰਗਲ ਨੇ ਆਪਣੇ ਜ਼ਮੀਨ ਵਿੱਚ ਲੱਗੇ ਬਾਸਮਤੀ ਝੋਨੇ ਦੀ ਫ਼ਸਲ ਦੀ ਕਟਾਈ ਕਰਨੀ ਸੀ ਪਰ ਕਥਿਤ ਤੌਰ ’ਤੇ ਜ਼ਮੀਨ ਦਾ ਕਬਜ਼ਾ ਕਰਨ ਦੀ ਨੀਅਤ ਨਾਲ ਇਕ ਕਿਸਾਨ ਜਥੇਬੰਦੀ ਨਾਲ ਸਬੰਧਤ ਆਗੂ ਨੇ ਆਪਣੇ ਨਾਲ ਅਣਪਛਾਤੇ ਗੁੰਡਿਆਂ ਨੂੰ ਲਿਆ ਕੇ ਝੋਨਾ ਵੱਢਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੀੜਤ ਸੁਖਦੇਵ ਸਿੰਘ, ਉਸ ਦੇ ਬੇਟੇ ਸ਼ਮਿੰਦਰ ਸਿੰਘ ਦੀ ਅਤੇ ਉਸ ਦੀ ਪਤਨੀ ਦੇ ਗੰਭੀਰ ਸੱਟਾਂ ਲੱਗੀਆਂ ਤੇ ਇਲਾਜ ਦੌਰਾਨ ਸੁਖਦੇਵ ਸਿੰਘ ਵੰਗਲ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਥਾਣਾ ਬਰੀਵਾਲਾ ਪੁਲੀਸ ਵੱਲੋਂ ਪਰਚਾ ਦਰਜ ਕਰਨ ਤੋਂ ਕਥਿਤ ਟਾਲ ਮਟੋਲ ਕੀਤੀ ਜਾਂਦੀ ਰਹੀ। ਇਸ ਲਈ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਆਗਾਮੀ ਸੋਮਵਾਰ 27 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਧਰਨਾ ਦੇ ਕੇ ਮ੍ਰਿਤਕ ਦੇ ਆਖ਼ਰੀ ਬਿਆਨਾਂ ਅਨੁਸਾਰ ਮੁਕੱਦਮਾ ਦਰਜ ਕਰਵਾਉਣ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਕਰਨ ਦੀ ਮੰਗ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਐਕਸ਼ਨ ਕਮੇਟੀ ਦਾ ਖ਼ਦਸ਼ਾ ਹੈ ਕਿ ਮੁਲਜ਼ਮਾਂ ਵਿੱਚ ਸ਼ਾਮਿਲ ਕਿਸਾਨ ਆਗੂ ਦੀ ਰਿਸ਼ਤੇਦਾਰੀ ਕਿਸਾਨ ਜਥੇਬੰਦੀ ਦੇ ਸੂਬਾਈ ਆਗੂ ਨਾਲ ਹੈ ਜਿਸ ਕਰਕੇ ਪੁਲੀਸ ਕਾਰਵਾਈ ਕਰਨ ਤੋਂ ਸੰਕੋਚ ਕਰ ਰਹੀ ਹੈ। ਇਸ ਮੌਕੇ ਸਾਬਕਾ ਸਰਪੰਚ ਬਲਤੇਜ ਸਿੰਘ ਵੰਗਲ, ਹਰਪ੍ਰੀਤ ਸਿੰਘ ਗੋਨਿਆਣਾ, ਰਜਿੰਦਰ ਸਿੰਘ ਰਾਜਾ, ਗੁਰਦੀਪ ਸਿੰਘ ਹਰੀਕੇ ਕਲਾਂ, ਬਲਦੇਵ ਸਿੰਘ ਹਰੀਕੇ ਕਲਾਂ, ਸੁਖਚੈਨ ਸਿੰਘ ਵੰਗਲ, ਪਰਮਜੀਤ ਕੌਰ ਵੰਗਲ, ਨੌਨਿਹਾਲ ਸਿੰਘ ਥਾਂਦੇਵਾਲਾ, ਮਮਤਾ ਆਜ਼ਾਦ ਆਦਿ ਕਿਸਾਨ ਆਗੂ ਹਾਜ਼ਰ ਸਨ। ਪੁਲੀਸ ਅਧਿਕਾਰੀ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਥਾਣਾ ਬਰੀਵਾਲਾ ਵਿੱਚ ਵਿਖੇ ਸੁਖਦੇਵ ਸਿੰਘ ਦੇ ਕਤਲ ਸਬੰਧੀ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
