ਨਗਰ ਕੌਂਸਲ ਮੁਲਾਜ਼ਮਾਂ ਵੱਲੋਂ ਮੰਗਾਂ ਮੰਨਵਾਉਣ ਲਈ ਪ੍ਰਦਰਸ਼ਨ
ਨਗਰ ਕੌਂਸਲ ਕਰਮਚਾਰੀ ਸੰਘ ਹਰਿਆਣਾ ਦੇ ਸੱਦੇ ’ਤੇ ਰਾਣੀਆਂ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਕਾਲੇ ਬਿੱਲੇ ਲਗਾ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਨਿਟ ਮੁਖੀ ਸੋਮਪਾਲ ਪੂਹਾਲ ਨੇ ਨਗਰ ਨਿਗਮ ਇੰਜਨੀਅਰ ਸੁਮਿਤ ਚੋਪੜਾ ਰਾਹੀਂ ਸ਼ਹਿਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਵਿਪੁਲ ਗੋਇਲ, ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਜਨਰਲ ਨੂੰ ਅੰਦੋਲਨ ਦਾ ਨੋਟਿਸ ਸੌਂਪਿਆ। ਯੂਨੀਅਨ ਨੇ ਸਰਕਾਰ ’ਤੇ ਦੋਸ਼ ਲਾਇਆ ਕਿ 29 ਜੂਨ, 2025 ਨੂੰ ਦਿੱਤੇ ਗਏ 18-ਨੁਕਾਤੀ ਮੰਗ ਪੱਤਰ 'ਤੇ ਮੰਤਰੀ ਵੱਲੋਂ ਗੱਲਬਾਤ ਦਾ ਭਰੋਸਾ ਦੇਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਵਿੱਚ ਅਸਥਾਈ ਸਫਾਈ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਠੇਕੇ 'ਤੇ ਕੰਮ ਕਰਨ ਵਾਲਿਆਂ ਨੂੰ ਵਰਦੀ ਭੱਤਾ ਦੇਣਾ, ਫਾਇਰ ਵਿਭਾਗ ਦੇ ਕਰਮਚਾਰੀਆਂ ਨੂੰ ਭਰੋਸੇ ਅਨੁਸਾਰ ਲਾਭ ਦੇਣਾ, ਐਪ-ਅਧਾਰਿਤ ਹਾਜ਼ਰੀ ਅਤੇ ਆਨਲਾਈਨ ਟ੍ਰਾਂਸਫਰ ਨੀਤੀ ਰੱਦ ਕਰਨਾ, ਮੁੱਖ ਮੰਤਰੀ ਵੱਲੋਂ ਐਲਾਨੀ 27000 ਤਨਖਾਹ ਲਾਗੂ ਕਰਨਾ ਸਮੇਤ ਕਈ ਲਟਕਦੀਆਂ ਮੰਗਾਂ ਸ਼ਾਮਲ ਹਨ। ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਜਲਦੀ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਪੜਾਅਵਾਰ ਅੰਦੋਲਨ ਕੀਤਾ ਜਾਵੇਗਾ। 20-21 ਅਗਸਤ ਨੂੰ ਭੁੱਖ ਹੜਤਾਲ, 10-11 ਸਤੰਬਰ ਨੂੰ ਵਿਧਾਇਕਾਂ ਨੂੰ ਮੰਗ ਪੱਤਰ, 26 ਸਤੰਬਰ ਨੂੰ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰਾਂ ਵਿਖੇ ਪ੍ਰਦਰਸ਼ਨ ਅਤੇ 18 ਅਕਤੂਬਰ ਨੂੰ ਮੁੱਖ ਮੰਤਰੀ ਕੈਂਪਸ ਦਫ਼ਤਰ ਕੁਰੂਕਸ਼ੇਤਰ ਵਿਖੇ ਪ੍ਰਦਰਸ਼ਨ ਕੀਤਾ ਜਾਵੇਗਾ। ਜੇਕਰ ਇਸਤੋਂ ਬਾਅਦ ਵੀ ਮਸਲਾ ਹੱਲ ਨਾ ਹੋਇਆ ਤਾਂ ਵੱਡੇ ਪੱਧਰ 'ਤੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜਿਸ ਲਈ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗੀ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਦਾ ਰਵੱਈਆ ਕਰਮਚਾਰੀ ਵਿਰੋਧੀ ਹੈ ਅਤੇ ਜੇਕਰ ਇਹੀ ਸਥਿਤੀ ਜਾਰੀ ਰਹੀ ਤਾਂ ਸੂਬੇ ਭਰ ਵਿੱਚ ਕੰਮ ਠੱਪ ਹੋ ਸਕਦਾ ਹੈ।