ਜਲਦ ਬਣੇਗੀ ਮੁਕਤਸਰ-ਪੰਨੀਵਾਲਾ ਸੜਕ: ਕਾਕਾ ਬਰਾੜ
ਪਿਛਲੇ ਲੰਬੇ ਸਮੇਂ ਤੋਂ ਵੱਡੀ ਸਮੱਸਿਆ ਨਾਲ ਜੂਝ ਰਹੇ ਪਿੰਡ ਰਹੂੜਿਆਂਵਾਲੀ, ਮਹਾਂਬੱਧਰ, ਚਿੱਬੜਾਂਵਾਲੀ, ਸ਼ੇਰੇ ਵਾਲਾ, ਬਾਂਮ, ਉੜਾਂਗ, ਪੰਨੀਵਾਲਾ ਤੇ ਹੋਰ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਸ੍ਰੀ ਮੁਕਤਸਰ ਸਾਹਿਬ ਤੋਂ ਪੰਨੀਵਾਲਾ ਨੂੰ ਜਾਂਦੀ ਸੜਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸੇ ਤਹਿਤ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ।
ਇਹ ਸੜਕ ਜ਼ਿਲ੍ਹੇ ਦੇ ਤਿੰਨ ਹਲਕਿਆਂ ਵਿੱਚੋਂ ਲੰਘਦੀ ਹੈ। ਇਸ ਵਿੱਚ ਸ੍ਰੀ ਮੁਕਤਸਰ ਸਾਹਿਬ, ਮਲੋਟ ਤੇ ਲੰਬੀ ਹਲਕੇ ਹਨ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਲੰਬਾਈ ਕਰੀਬ 28 ਕਿਲੋਮੀਟਰ ਹੈ ਅਤੇ ਇਸ ’ਤੇ ਕਰੀਬ 12 ਕਰੋੜ ਰੁਪਏ ਖਰਚ ਹੋਣਗੇ ਅਤੇ ਆਉਣ ਵਾਲੇ ਨੌਂ ਮਹੀਨਿਆਂ ਵਿੱਚ ਇਹ ਮੁਕੰਮਲ ਹੋ ਜਾਵੇਗੀ। ਇਸ ਮੌਕੇ ਪੰਜਾਬ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਜਗਦੇਵ ਸਿੰਘ ਬਾਂਮ, ਮਾਰਕਿਟ ਕਮੇਟੀ ਮੁਕਤਸਰ ਦੇ ਚੇਅਰਮੈਨ ਸੁਰਜੀਤ ਸਿੰਘ ਸੰਧੂ, ਮਾਰਕੀਟ ਕਮੇਟੀ ਬਰੀਵਾਲਾ ਦੇ ਚੇਅਰਮੈਨ ਰਾਜਿੰਦਰ ਸਿੰਘ ਬਰਾੜ, ਕੱਚਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਵੜਿੰਗ, ਪਿੰਡ ਰਹੂੜਿਆਂਵਾਲੀ ਦੀ ਸਰਪੰਚ ਇੰਦਰਜੀਤ ਕੌਰ, ਸਰਪੰਚ ਜੱਸਲ ਸਿੰਘ, ਸੀਨੀਅਰ ਆਗੂ ਬਲਰਾਜ ਸਿੰਘ ਭੁੱਲਰ, ਗੋਨਿਆਣਾ ਸਰਪੰਚ ਤਰਸੇਮ ਸਿੰਘ, ਥਾਂਦੇਵਾਲਾ ਸਰਪੰਚ ਬਲਵਿੰਦਰ ਸਿੰਘ ਬਿੰਦਾ, ਚੜੇਵਾਨ ਸਰਪੰਚ ਨਿਰਭੈ ਸਿੰਘ ਬੁੱਟਰ ਆਦਿ ਵੱਡੀ ਗਿਣਤੀ ਵਿਚ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।