ਸੜਕਾਂ ’ਤੇ ਪਾਈ ਮਿੱਟੀ ਰਾਹਗੀਰਾਂ ਲਈ ਮੁਸੀਬਤ ਬਣੀ
ਮੁਕਤਸਰ ਸ਼ਹਿਰ ਦੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ 138 ਕਰੋੜ ਦੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਵਾਸਤੇ ਦੋ ਨਵੰਬਰ ਨੂੰ ਇੱਥੇ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਮੌਕੇ ਪ੍ਰਸ਼ਾਸਨ ਨੇ ਰਾਤੋ-ਰਾਤ ਕੀਤੀਆਂ ਤਿਆਰੀਆਂ ਦੌਰਾਨ ਕੋਟਕਪੂਰਾ-ਬਠਿੰਡਾ ਬਾਈਪਾਸ ’ਤੇ ਖੱਡਿਆਂ ’ਚ ਰੇਤਾ ਮਿੱਟੀ ਪਾ ਕੇ ਭਰ ਦਿੱਤਾ ਸੀ। 40 ਮੁਕਤਿਆਂ ਦੀ ਯਾਦਗਾਰ ‘ਮੀਨਾਰ ਏ ਮੁਕਤਾ’ ਅੱਗੇ ਲੰਬੇ ਸਮੇਂ ਤੋਂ ਟੁੱਟੀ ਸੜਕ ਹੁਣ ਮਿੱਟੀ ਦਾ ਢੇਰ ਬਣੀ ਹੋਈ ਹੈ। ਇਸੇ ਤਰ੍ਹਾਂ ਸੈਂਟਰਲ ਪਲਾਜ਼ਾ ਕੋਲ ਸੀਵਰੇਜ ਦੇ ਪਾਣੀ ਖੜ੍ਹਨ ਕਰ ਕੇ ਬਣੇ ਖੱਡਿਆਂ ’ਚ ਮਿੱਟੀ ਪਾਈ ਗਈ। ਜਿੰਨ੍ਹਾ ਸਮਾਂ ਮੁੱਖ ਮੰਤਰੀ ਸ਼ਹਿਰ ਵਿੱਚ ਰਹੇ ਰੇਤੇ ਤੇ ਮਿੱਟੀ ’ਤੇ ਪਾਣੀ ਪਾ ਕੇ ਗਿਲਾ ਰੱਖਿਆ ਗਿਆ ਪਰ ਉਸ ਤੋਂ ਬਾਅਦ ਇਹ ਮਿੱਟੀ ਸੁੱਕ ਗਈ ਜੋ ਹੁਣ ਵਾਹਨਾਂ ਦੇ ਚੱਲਣ ਨਾਲ ਉੱਡ ਕੇ ਰਾਹਗੀਰਾਂ ਦੇ ਅੱਖਾਂ ’ਤੇ ਸਿਰ ’ਚ ਪੈ ਰਹੀ ਹੈ। ਦੋ ਪਹੀਆ ਵਾਹਨ ਚਾਲਕਾਂ ਤੇ ਪੈਦਲ ਚੱਲਣ ਵਾਲਿਆਂ ਲਈ ਦਿਕਤ ਆ ਰਹੀ ਹੈ।
ਦੱਸਣਯੋਗ ਹੈ ਕਿ ਮੰਡੀ ਬੋਰਡ ਵੱਲੋਂ ਇਸ ਸੜਕ ’ਤੇ 92 ਲੱਖ ਰੁਪਏ ਨਾਲ ਲੁੱਕ ਬਜਰੀ ਪਾਉਣ ਦਾ ਠੇਕਾ ਦਿੱਤਾ ਹੋਇਆ ਹੈ ਪਰ ਸੀਵਰੇਜ ਨਾ ਬਣਨ ਕਰ ਕੇ ਇਹ ਸੜਕ ਰੁਕੀ ਹੋਈ ਹੈ। ਹਾਲਾਂਕਿ ਵਿਧਾਇਕ ਕਾਕਾ ਬਰਾੜ ਵੱਲੋਂ ਇਹ ਸੜਕ ਦਸੰਬਰ ਤੱਕ, ਮੇਲਾ ਮਾਘੀ ਤੋਂ ਪਹਿਲਾਂ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਸੀ। ਲੋਕਾਂ ਦੀ ਮੰਗ ਹੈ ਕਿ ਸੜਕ ਉਪਰ ਮਿੱਟੀ ਪਾਉਣਾ ਅਸਲੋਂ ਹੀ ਗ਼ਲਤ ਹੈ। ਉਨ੍ਹਾਂ ਮੰਗ ਕੀਤੀ ਕਿ ਮੁਕਤਸਰ-ਬਠਿੰਡਾ-ਮਲੋਟ ਬਾਈਪਾਸ ਉਪਰ ਸੀਵਰੇਜ ਦਾ ਕੰਮ ਜਲਦੀ ਮੁਕਮੰਲ ਕਰ ਕੇ ਸੜਕ ਬਣਾਈ ਜਾਵੇ।
ਸੀਵਰੇਜ ਮਗਰੋਂ ਹੀ ਸੜਕ ਬਣਾਈ ਜਾਵੇਗੀ: ਅਧਿਕਾਰੀ
ਮੰਡੀ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਮੀਤ ਗਰਗ ਨੇ ਦੱਸਿਆ ਕਿ ਡਾਕਟਰ ਕੇਹਰ ਸਿੰਘ ਮਾਰਗ ਦੇ ਨਵ-ਨਿਰਮਾਣ ਵਾਸਤੇ ‘ਬਾਲਾ ਜੀ ਕੰਸਟਰਕਸ਼ਨ ਕੰਪਨੀ ਮਾਨਸਾ’ ਨੂੰ 92 ਲੱਖ ਰੁਪਏ ਵਿੱਚ ਠੇਕਾ ਦਿੱਤਾ ਗਿਆ ਹੈ। ਸੀਵਰੇਜ ਦੀ ਪ੍ਰਪੋਜ਼ਲ ਭੇਜੀ ਹੋਈ ਹੈ। ਸੀਵਰੇਜ ਪੈਣ ਤੋਂ ਬਾਅਦ ਹੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਹੋਵੇਗਾ। ਸਰਦੀਆਂ ਕਾਰਨ ਲੁੱਕ-ਬਜਰੀ ਦਾ ਕੰਮ ਮਾਰਚ-ਅਪਰੈਲ ਤੋਂ ਬਾਅਦ ਸ਼ੁਰੂ ਹੁੰਦਾ ਹੈ। ਉਸ ਤੋਂ ਪਹਿਲਾਂ ਸੜਕ ਉੱਪਰ ਖੱਡਿਆਂ ’ਚ ਪਈ ਮਿੱਟੀ ਨੂੰ ਉਡਣ ਤੋਂ ਬਚਾਉਣ ਲਈ ਰੋਜ਼ਾਨਾ ਪਾਣੀ ਛਿੜਕਣ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਨਾਲ ਹੀ ਟੁੱਟੀ ਸੜਕ ਉਪਰ ਕੰਕਰੀਟ ਦੀਆਂ ਟਾਈਲਾਂ ਲਾਈਆਂ ਜਾਣਗੀਆਂ।
