ਕਿਸਾਨਾਂ ਦੀ ਹਾਲਤ ਸੁਧਾਰਨ ਲਈ ਐੱਮਐੱਸਪੀ ਜ਼ਰੂਰੀ: ਡੱਲੇਵਾਲ
ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 18 ਜੂਨ
ਬੀਕੇਯੂ ਏਕਤਾ ਸਿੱਧੂਪੁਰ ਦੀ ਅੱਜ ਜ਼ਿਲ੍ਹਾ ਪੱਧਰੀ ਮੀਟਿੰਗ ਗੁਰਦੁਆਰਾ ਤਰਨ ਤਾਰਨ ਸਾਹਿਬ ਬਠਿੰਡਾ ਰੋਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਬੀਕੇਯੂ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਉਚੇਚੇ ਤੌਰ ਤੇ ਪਹੁੰਚੇ। ਉਨ੍ਹਾਂ ਡਬਲਿਊਟੀਓ ਦੀਆਂ ਨੀਤੀਆਂ ਬਾਰੇ ਕਿਸਾਨਾਂ ਨੂੰ ਦੱਸਿਆ।
ਡੱਲੇਵਾਲ ਨੇ ਕਿਹਾ ਕਿ ਜੇਕਰ ਸਰਕਾਰ ਇਮਾਨਦਾਰੀ ਨਾਲ ਐੱਮਐੱਸਪੀ ਗਾਰੰਟੀ ਕਾਨੂੰਨ ਪੂਰੇ ਦੇਸ਼ ਵਿਚ ਲਾਗੂ ਕਰ ਦੇਵੇ ਤਾਂ ਕਿਸਾਨਾਂ ਦੀ ਆਰਥਿਕ ਹਾਲਤ ਸੁਧਰ ਸਕਦੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਕਰੜੇ ਸ਼ਬਦਾਂ ਵਿੱਚ ਕਿਹਾ ਜੇਕਰ ਪੰਜਾਬ ਸਰਕਾਰ ਸਾਡਾ ਇਹ ਸ਼ਾਂਤਮਈ ਚੱਲ ਰਿਹਾ ਇਹ ਅੰਦੋਲਨ ਨਾ ਚਕਵਾਉਦੀ ਤਾਂ ਉਹ ਐੱਮਐੱਸਪੀ ਗਾਰੰਟੀ ਕਾਨੂੰਨ ਬਣਵਾ ਕੇ ਘਰ ਮੁੜਦੇ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਪਾਣੀ ਬਚਾਉਣਾ ਹੈ ਤਾਂ ਐੱਮਐੱਸਪੀ ਗਰੰਟੀ ਕਾਨੂੰਨ ਬਹੁਤ ਜ਼ਰੂਰੀ ਹੈ। ਡੱਲੇਵਾਲ ਨੇ ਕਿਹਾ ਕਿ ਲੈਂਡ ਪੂਲਿੰਗ ਐਕਟ ਇਕੱਲਾ ਲੁਧਿਆਣਾ ਹੀ ਨਹੀਂ ਸਗੋਂ ਇੱਕ-ਦੋ ਜ਼ਿਲ੍ਹੇ ਛੱਡ ਕੇ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਜ਼ਮੀਨ ਲੈਣ ਦੀ ਤਿਆਰੀ ਸਰਕਾਰ ਕਰ ਰਹੀ ਹੈ ਜੇਕਰ ਕਿਸਾਨ ਸੱਚਮੁੱਚ ਆਪਣੀ ਜ਼ਮੀਨ ਬਚਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਜੇਲ੍ਹਾਂ ਭਰਨ ਲਈ ਤਿਆਰ ਰਹਿਣਾ ਪਵੇਗਾ। ਡੱਲੇਵਾਲ ਨੇ ਕਿਹਾ ਕਿ ਕਿਸੇ ਵੀ ਕੀਮਤ ’ਤੇ ਕਿਸਾਨਾਂ ਦੀ ਜ਼ਮੀਨ ਕਾਰਪੋਰੇਟ ਦੇ ਹੱਥਾਂ ਵਿਚ ਨਹੀਂ ਜਾਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਗੱਲ ਹਰੇਕ ਪਿੰਡ ਹਰ ਘਰ ਤੱਕ ਪਹੁੰਚਾ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇੱਕ ਤਕੜਾ ਸੰਘਰਸ਼ ਪੰਜਾਬ ਦੀਆਂ ਜ਼ਮੀਨਾਂ ਬਚਾਉਣ ਲਈ ਉਲੀਕਿਆ ਜਾਵੇਗਾ। ਇਸ ਜ਼ਿਲ੍ਹਾ ਕਮੇਟੀ ਬਲਜੀਤ ਸਿੰਘ ਬੋਦੀਵਾਲਾ, ਹਰਭਗਵਾਨ ਸਿੰਘ ਲੰਬੀ, ਬਾਬਾ ਗੋਰਾ ਸਿੰਘ ਫਕਰਸਰ ਅਤੇ ਸਾਰੇ ਬਲਾਕਾਂ ਅਤੇ ਪਿੰਡਾਂ ਦੇ ਕਿਸਾਨ ਅਤੇ ਅਹੁਦੇਦਾਰ ਹਾਜ਼ਰ ਸਨ।