ਬਾਬਾ ਕਰਨੈਲ ਸਿੰਘ ਟੱਲੇਵਾਲ ਦੇ ਦੇਹਾਂਤ ਮਗਰੋਂ ਇਲਾਕੇ ਵਿੱਚ ਸੋਗ
ਹਲਕੇ ਦੇ ਪਿੰਡ ਟੱਲੇਵਾਲ ਵਿਖੇ ਬਾਬਾ ਕਰਨੈਲ ਸਿੰਘ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਵਿਛੋੜੇ ਨਾਲ ਇਲਾਕੇ ਭਰ ਵਿੱਚ ਸੋਗ ਦਾ ਮਾਹੌਲ ਹੈ। ਅੱਜ ਵੱਡੀ ਗਿਣਤੀ ਸੰਗਤ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਗੁਰਦੁਆਰਾ ਸਾਹਿਬ ਟੱਲੇਵਾਲ ਪੁੱਜੀ। ਉਨ੍ਹਾਂਦਾ ਅੰਤਿਮ ਸੰਸਕਾਰ ਭਲਕੇ ਸੋਮਵਾਰ 29 ਸਤੰਬਰ ਨੂੰ ਦੁਪਹਿਰ 12 ਵਜੇ ਕੀਤਾ ਜਾਵੇਗਾ।
ਇਸ ਮੌਕੇ ਭਾਜਪਾ ਦੇ ਸੂਬਾ ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਟੱਲੇਵਾਲ ਉਨ੍ਹਾਂ ਦਾ ਜੱਦੀ ਪਿੰਡ ਹੋਣ ਕਰ ਕੇ ਬਾਬਾ ਕਰਨੈਲ ਸਿੰਘ ਨਾਲ ਉਨ੍ਹਾਂ ਦਾ ਬਹੁਤ ਪਿਆਰ ਸੀ। ਉਨ੍ਹਾਂ ਦੇ ਇਸ ਦੁੱਖਦਾਈ ਵਿਛੋੜੇ ਨਾਲ ਇਲਾਕੇ ਭਰ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਜਿੱਥੇ ਇਲਾਕੇ ਭਰ ਵਿੱਚ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ, ਉੱਥੇ ਹੀ ਉਨ੍ਹਾਂ ਬਾਬਾ ਸੁੰਦਰ ਸਿੰਘ ਕੈਨੇਡੀਅਨ ਜੀ ਦੀ ਯਾਦ ਵਿੱਚ ਅਕਾਲ ਅਕੈਡਮੀ ਅਤੇ ਲੜਕੀਆਂ ਦਾ ਬੀ ਐਡ ਬਣਾ ਕੇ ਇਲਾਕੇ ਵਿੱਚ ਸਿੱਖਿਆ ਦਾ ਦੀਵਾ ਜਗਾਇਆ। ਉਨ੍ਹਾਂ ਦੀਆਂ ਅਮੋਲਕ ਸੇਵਾਵਾਂ ਸਦੀਵੀ ਯਾਦ ਰਹਿਣਗੀਆਂ। ਇਸ ਮੌਕੇ ਐਸਜੀਪੀਸੀ ਮੈਂਬਰ ਬਲਦੇਵ ਸਿੰਘ ਚੂੰਘਾਂ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸਰਪੰਚ ਜਗਰਾਜ ਸਿੰਘ ਟੱਲੇਵਾਲ, ਸਾਬਕਾ ਸਰਪੰਚ ਹਰਸ਼ਰਨ ਸਿੰਘ ਸਰਨਾ, ਸਰਪੰਚ ਰਾਜਾ ਰਾਮਗੜ੍ਹ, ਕਲੱਬ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ, ਬਲਰਾਜ ਸਿੰਘ ਕਾਕਾ, ਸੁਖਵੀਰ ਸਿੰਘ ਸੋਖੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਨੇ ਬਾਬਾ ਕਰਨੈਲ ਸਿੰਘ ਦੇ ਵਿਛੋੜੇ 'ਤੇ ਦੁੱਖ ਸਾਂਝਾ ਕੀਤਾ।