ਸ਼ਹਿਣਾ ਇਲਾਕੇ ਵਿੱਚ 200 ਤੋਂ ਵੱਧ ਘਰਾਂ ਦੀ ਹਾਲਤ ਖਸਤਾ
ਬਲਾਕ ਸ਼ਹਿਣਾ ਦੇ ਵੱਖ-ਵੱਖ ਪਿੰਡਾਂ ਵਿੱਚ 200 ਤੋਂ ਵੱਧ ਘਰਾਂ ਦੀ ਹਾਲਤ ਭਾਰੀ ਮੀਂਹਾਂ ਕਾਰਨ ਕਾਫ਼ੀ ਖ਼ਸਤਾ ਹੋ ਗਈ ਹੈ ਜਿਨ੍ਹਾਂ ਵਿੱਚ ਕੁੱਝ ਦੇ ਡਿੱਗਣ ਦਾ ਖ਼ਦਸ਼ਾ ਹੈ। ਘਰਾਂ ਦੀ ਖਸਤਾ ਹਾਲਤ ਦੇ ਮੱਦੇਨਜ਼ਰ ਲੋਕ ਘਰਾਂ ਦੇ ਬਾਹਰ ਜਾਂ ਵਿਹੜੇ ਵਿੱਚ ਤਿਰਪਾਲ ਦੀ ਛੱਤ ਪਾ ਕੇ ਝੁੱਗੀ ਜਿਹੀ ਬਣਾ ਕੇ ਰਹਿਣ ਲਈ ਮਜਬੂਰ ਹਨ। ਕਸਬੇ ਸ਼ਹਿਣੇ ਵਿੱਚ ਵੀਰਾ ਸਿੰਘ ਪੁੱਤਰ ਬੰਤ ਸਿੰਘ ਦਾ ਘਰ ਤਰੇੜਾਂ ਖਾ ਗਿਆ ਹੈ। ਡਿੱਗ ਰਹੇ ਘਰ ਵਿੱਚ ਉਸਦਾ ਜਾਣ ਨੂੰ ਜੀਅ ਨਹੀਂ ਕਰਦਾ ਤੇ ਉਹ ਵਿਹੜੇ ਵਿੱਚ ਤਿਰਪਾਲ ਲਾ ਕੇ ਰਹਿੰਦਾ ਹੈ।
ਕਸਬੇ ਸ਼ਹਿਣਾ ਦੇ ਹੀ ਜੈਪਾਲ ਸਿੰਘ ਦਾ ਘਰ ਡਿੱਗ ਗਿਆ ਹੈ। ਪਿੰਡ ਉਗੋਕੇ ਵਿੱਚ ਭਜਨ ਸਿੰਘ ਪੁੱਤਰ ਸਾਧੂ ਸਿੰਘ ਅਤੇ ਬਲਵੰਤ ਸਿੰਘ ਦਾ ਘਰ ਵੀ ਡਿੱਗ ਗਿਆ। ਉਹ ਕਾਫ਼ੀ ਸਮਾਂ ਸਕੂਲ ਦੀ ਇਮਾਰਤ ਵਿੱਚ ਰਹੇ ਸਨ, ਪਰ ਹੁਣ ਸਕੂਲ ਲੱਗਣ ਕਾਰਨ ਉਨ੍ਹਾਂ ਨੂੰ ਮੁਸ਼ਕਲ ਆ ਰਹੀ ਹੈ।
ਕਸਬਾ ਸ਼ਹਿਣਾ ਦੀ ਪਰਮਜੀਤ ਕੌਰ ਪਤਨੀ ਜਗਸੀਰ ਸਿੰਘ ਜਿਸਦਾ ਸਾਰਾ ਹੀ ਘਰ ਤਰੇੜਾਂ ਖਾ ਗਿਆ ਹੈ, ਉਹ ਵਿਹੜੇ ਵਿੱਚ ਪਲੜ ਲਾ ਕੇ ਰਹਿ ਰਹੀ ਹੈ।
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ ਨੇ ਮੰਗ ਕੀਤੀ ਕਿ ਸਰਕਾਰ ਘਰਾਂ ਦੀ ਮੁਰੰਮਤ ਲਈ ਫੌਰੀ ਮੁਆਵਜ਼ਾ ਦੇਵੇ। ਕਾਂਗਰਸ ਕਿਸਾਨ ਸੈੱਲ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਕਸਬੇ ਸ਼ਹਿਣੇ ਵਿੱਚ ਵਾਰਡ ਨੰਬਰ ਇੱਕ ਵਿੱਚ ਸੈਂਕੜੇ ਘਰ ਖਸਤਾ ਹਾਲਤ ਵਿੱਚ ਹਨ। ਗ਼ਰੀਬ ਲੋਕ ਘਰ ਦੀ ਰਿਪੇਅਰ ਤੋਂ ਕਰਵਾਉਣ ਜਾਂ ਘਰ ਨੂੰ ਨਵਾਂ ਪਾਉਣ ਵਿੱਚ ਅਸਮਰੱਥ ਹਨ।
ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਕੋਈ ਵੀ ਅਧਿਕਾਰੀ ਜਾਂ ਰਾਜਸੀ ਆਗੂ ਇਨ੍ਹਾਂ ਲੋਕਾਂ ਦੇ ਘਰ ਦੇਖਣ ਜਾਂ ਸਾਰ ਲੈਣ ਨਹੀਂ ਆਇਆ ਹੈ। ਸ਼ਹਿਣਾ ਦੇ ਹਰੀ ਸਿੰਘ, ਸਾਧੂ ਸਿੰਘ, ਬੀਰਾ ਸਿੰਘ, ਭੂਰਾ ਸਿੰਘ ਹਾਕਮ ਸਿੰਘ, ਚਿੜੀ ਸਿੰਘ ਆਦਿ ਦਰਜਨਾਂ ਦੀ ਗਿਣਤੀ ਵਿੱਚ ਉਹ ਗ਼ਰੀਬ ਪਰਿਵਾਰ ਹਨ ਜਿਨਾਂ ਦੇ ਘਰ ਖਸਤਾ ਹਾਲਤ ਵਿੱਚ ਹਨ। ਉਹ ਦਿਹਾੜੀ ਵੀ ਨਹੀਂ ਜਾ ਸਕੇ ਅਤੇ ਚੁੱਲ੍ਹਾ ਚਲਾਉਣਾ ਵੀ ਔਖਾ ਹੋ ਗਿਆ ਹੈ।