ਦੋਨਾ ਰਹਿਮਤ ਦੀ 200 ਏਕੜ ਤੋਂ ਵੱਧ ਫਸਲ ਪਾਣੀ ਵਿੱਚ ਡੁੱਬੀ
ਸਤਲੁਜ ਦਰਿਆ ਵਿੱਚ ਆਏ ਹੜ੍ਹ ਕਾਰਨ ਮਮਦੋਟ ਨਜ਼ਦੀਕ ਪੈਂਦੇ ਪਿੰਡ ਦੋਨਾ ਰਹਿਮਤ ਦੇ ਕਿਸਾਨਾਂ ਦੀ ਤਕਰੀਬਨ 200 ਏਕੜ ਤੋਂ ਵੱਧ ਝੋਨੇ ਦੀ ਫਸਲ ਪਾਣੀ ਦੀ ਮਾਰ ਹੇਠ ਆ ਚੁੱਕੀ ਹੈ। ਇਸ ਸਬੰਧੀ ਪਿੰਡ ਦੋਨਾ ਰਹਿਮਤ ਦੇ ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਦਰਿਆ ਵਿੱਚ ਵੱਧ ਪਾਣੀ ਆਉਣ ਕਾਰਨ ਉਨ੍ਹਾਂ ਦੀ ਫਸਲ ਵਿਚ ਚਾਰ ਚਾਰ ਫੁੱਟ ਪਾਣੀ ਖੜ੍ਹ ਚੁੱਕਾ ਹੈ। ਇਸ ਸਬੰਧੀ ਕਿਸਾਨ ਮਹਿੰਦਰ ਸਿੰਘ, ਬਗੀਚਾ ਸਿੰਘ, ਹਰਮੇਸ਼ ਸਿੰਘ, ਪ੍ਰੀਤਮ ਸਿੰਘ, ਸ਼ਿੰਦਰ ਸਿੰਘ, ਸੁੱਚਾ ਸਿੰਘ, ਤਰਸੇਮ ਸਿੰਘ, ਪਿਆਰਾ ਸਿੰਘ, ਗੁਲਜ਼ਾਰ ਸਿੰਘ ਅਤੇ ਸੁੱਖਾ ਸਿੰਘ ਨੇ ਦੱਸਿਆ ਕਿ ਜੇ ਸਤਲੁਜ ਦਰਿਆ ਵਿੱਚ ਪਾਣੀ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਜਿਸ ਨਹਿਰ ਦੀ ਪਟੜੀ ਨਾਲ ਪਾਣੀ ਲੱਗਾ ਹੋਇਆ ਹੈ ਉਹ ਕਿਸੇ ਸਮੇਂ ਵੀ ਟੁੱਟ ਸਕਦੀ ਹੈ ਜਿਸ ਨਾਲ ਮਮਦੋਟ ਤੇ ਆਸ ਪਾਸ ਦੇ ਦਰਜਨਾਂ ਪਿੰਡ ਪਾਣੀ ਦੀ ਮਾਰ ਹੇਠ ਆ ਜਾਣਗੇ। ਕਿਸਾਨਾਂ ਨੇ ਦੱਸਿਆ ਕਿ ਸਰਕਾਰ ਦੀ ਤਰਫੋਂ ਉਹਨਾਂ ਨੂੰ ਕਿਸੇ ਕਿਸਮ ਦੀ ਸਹਾਇਤਾ ਅੱਜ ਤੱਕ ਨਹੀਂ ਪਹੁੰਚੀ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਤੂੜੀ ਅਤੇ ਚਾਰਾ ਸਭ ਕੁਝ ਪਾਣੀ ਵਿੱਚ ਡੁੱਬ ਚੁੱਕਾ ਹੈ। ਮੌਜੂਦਾ ਵਿਧਾਇਕ ਪਤਾ ਤਾਂ ਲੈਣ ਜ਼ਰੂਰ ਪਹੁੰਚੇ ਸੀ ਲੇਕਿਨ ਉਹਨਾਂ ਵੱਲੋਂ ਕਿਸੇ ਕਿਸਮ ਦੀ ਸਹਾਇਤਾ ਨਹੀਂ ਦਿੱਤੀ ਗਈ। ਕਿਸਾਨਾਂ ਨੇ ਦੱਸਿਆ ਕਿ ਇੱਕ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਖਾਣ ਵਾਸਤੇ ਰਾਸ਼ਨ, ਪਸ਼ੂਆਂ ਵਾਸਤੇ ਚਾਰਾ ਤੇ ਹੋਰ ਸਹਾਇਤਾ ਕਰਕੇ ਗਏ ਹਨ। ਕਿਸਾਨਾਂ ਨੇ ਮੰਗ ਕੀਤੀ ਕਿ ਉਹਨਾਂ ਦਾ ਸਰਕਾਰੀ ਬੈਂਕਾਂ ਕੋਆਪਰੇਟਿਵ ਸੁਸਾਇਟੀਆਂ ਦਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਅਗਲੀ ਫਸਲ ਬੀਜਣ ਲਈ ਸਹਾਇਤਾ ਕੀਤੀ ਜਾਵੇ।