ਮੋਗਾ ਗੋਲੀ ਕਾਂਡ: ਇਮਾਰਤ ਨੂੰ ਵਿਰਾਸਤੀ ਦਰਜਾ ਦੇਣ ਦੀ ਮੰਗ
ਰੀਗਲ ਸਿਨੇਮਾ ਗੋਲੀ ਕਾਂਡ ਜਮਹੂਰੀ ਅਤੇ ਵਿਦਿਆਰਥੀ ਲਹਿਰ ਦੇ ਇਤਿਹਾਸ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ। ਭਾਵੇਂ ਪੰਜ ਦਹਾਕੇ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਪਰ ਅੱਜ ਵੀ ਇਹ ਘਟਨਾ ਲੋਕ ਇਸ ਨੂੰ ਭੁੱਲੇ ਨਹੀਂ ਹਨ। ਵਿਦਿਆਰਥੀ ਲਹਿਰ ਦਾ ਮੋਢੀ ਇਹ ਘੋਲ 5 ਤੇ 7 ਅਕਤੂਬਰ, 1972 ਨੂੰ ਵਾਪਰੇ ਖੂਨ ਖਰਾਬੇ ਤੋਂ ਬਾਅਦ ਇਤਿਹਾਸਕ ਲੋਕ ਲਹਿਰ ਬਣਿਆ। ਉਸ ਸਮੇਂ ਮੋਗਾ ਜ਼ਿਲ੍ਹਾ ਫਰੀਦਕੋਟ ਦੀ ਸਬ ਡਿਵੀਜ਼ਨ ਸੀ। ਉਦੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਸੀ ਅਤੇ ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਸੂਬੇ ਦੇ ਮੁੱਖ ਮੰਤਰੀ ਸਨ। ਪੀਐੱਸਯੂ ਹਰ ਸਾਲ ਸ਼ਹੀਦ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ। ਇਸ ਇਮਾਰਤ ਨੂੰ ਵਿਰਾਸਤੀ ਦਰਜਾ ਦੇਣ ਦੀ ਮੰਗ ’ਤੇ ਅੱਜ ਤੱਕ ਅਮਲ ਨਹੀਂ ਹੋਇਆ ਅਤੇ ਇਮਾਰਤ ਖੰਡਰ ਬਣ ਗਈ। ਇੱਥੇ ਘਾਹ ਫੂਸ, ਬੂਟੇ, ਦਰੱਖਤ ਉਗੇ ਹੋਏ ਹਨ ਅਤੇ ਸਾ਼ਫ਼-ਸਫ਼ਾਈ ਦਾ ਮੰਦਾ ਹਾਲ ਹੈ। ਇਸ ਗੋਲੀ ਕਾਂਡ ਵਿੱਚ ਵਿਦਿਆਰਥੀ ਆਗੂ ਹਰਜੀਤ ਸਿੰਘ ਚੜਿੱਕ, ਸਵਰਨ ਸਿੰਘ ਚੜਿੱਕ, ਗੁਰਦੇਵ ਸਿੰਘ ਤੇ ਮਾਸਟਰ ਕੇਵਲ ਕ੍ਰਿਸ਼ਨ ਸਣੇ ਚਾਰ ਵਿਦਿਆਰਥੀਆਂ ਦੀ ਜਾਨ ਚਲੀ ਗਈ ਤੇ ਸੈਂਕੜੇ ਬੇਕਸੂਰ ਲੋਕ ਅਤੇ ਵਿਦਿਆਰਥੀ ਜ਼ਖ਼ਮੀ ਹੋਏ।
ਪੀਐੱਸਯੂ ਆਗੂ ਹਰਪ੍ਰੀਤ ਸਿੰਘ ਢੁੱਡੀਕੇ, ਪ੍ਰਭਜੋਤ ਕੌਰ, ਸੰਦੀਪ ਸਿੰਘ ਠੱਠੀ ਭਾਈ, ਜਸਪ੍ਰੀਤ ਰਾਜੇਆਣਾ ਅਤੇ ਕੋਮਲਪ੍ਰੀਤ ਕੌਰ ਬੁੱਟਰ ਨੇ ਕਿਹਾ ਕਿ ਸ਼ਹੀਦਾਂ ਦੀ ਯਾਦ ਵਿੱਚ ਮਾਰਚ ਕੀਤਾ ਜਾਵੇਗਾ। ਉਨ੍ਹਾਂ ਇਮਾਰਤ ਨੂੰ ਵਿਰਾਸਤੀ ਦਰਜਾ ਦੇਣ ਦੀ ਮੰਗ ਕੀਤੀ।
ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਇਮਾਰਤ ਖੰਡਰ ਬਣ ਗਈ ਹੈ।