ਕਿਸਾਨਾਂ ਦੇ ਸੰਘਰਸ਼ ਲਈ ਲਾਮਬੰਦੀ ਸ਼ੁਰੂ
ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਬਿਜਲੀ ਸੋਧ ਬਿੱਲ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਮਬੰਦੀ ਕੀਤੀ ਜਾ ਰਹੀ ਹੈ। ਇਸ ਤਹਿਤ ਬਲਾਕ ਮਹਿਲ ਕਲਾਂ ਦੇ ਪਿੰਡ ਹਮੀਦੀ, ਗੁਰਮ, ਗੁੰਮਟੀ ਅਤੇ ਨੰਗਲ ਵਿੱਚ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਦੀ ਪ੍ਰਧਾਨਗੀ ਹੇਠ ਮੀਟਿੰਗਾਂ ਕੀਤੀਆਂ ਗਈਆਂ। ਬਲਾਕ ਪ੍ਰਧਾਨ ਗਹਿਲ ਨੇ ਕਿਹਾ ਕਿ ਬਿਜਲੀ ਸੋਧ ਬਿੱਲ 2025 ਦਾ ਖਪਤਕਾਰਾਂ, ਕਿਸਾਨਾਂ ਅਤੇ ਬਿਜਲੀ ਕਰਮਚਾਰੀਆਂ ਉੱਤੇ ਵੱਡਾ ਬੋਝ ਪਵੇਗਾ। ਬਿਜਲੀ ਖੇਤਰ ਨੂੰ ਨਿੱਜੀਕਰਨ ਨੀਤੀ ਤਹਿਤ ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਹੈ। ਇਸੇ ਸੰਦਰਭ ਵਿੱਚ 8 ਦਸੰਬਰ ਨੂੰ ਸਬ ਡਿਬੀਜ਼ਨ ਪੱਧਰ ’ਤੇ ਧਰਨੇ ਲਗਾਏ ਜਾ ਰਹੇ ਹਨ ਅਤੇ ਇਹਨਾਂ ਧਰਨਿਆਂ ਨੂੰ ਸਫ਼ਲ ਬਣਾਉਣ ਲਈ ਵਰਕਰਾਂ ਦੀਆਂ ਡਿਊਟੀਆਂ ਤੈਅ ਕੀਤੀਆਂ ਗਈਆਂ।
ਤਪਾ ਮੰਡੀ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਿਜਲੀ ਸੋਧ ਬਿੱਲ 2025 ਅਤੇ ਸੀਡ ਬਿੱਲ 2025 ਰਾਹੀਂ ਬਿਜਲੀ ਬੋਰਡ ਦੇ ਕੀਤੇ ਜਾ ਰਹੇ ਨਿੱਜੀਕਰਨ ਤੇ ਕਿਸ਼ਾਨਾਂ ਤੋਂ ਆਪਣਾ ਬੀਜ ਵਰਤਣ ਵਿਰੁੱਧ ਕੀਤੇ ਜਾ ਰਹੇ ਫੈਸਲਿਆਂ ਸਬੰਧੀ ਬਲਾਕ ਸ਼ਹਿਣਾ ਦੇ ਜਨਰਲ ਸਕੱਤਰ ਦਰਸਨ ਸਿੰਘ ਚੀਮਾ, ਬਲਾਕ ਆਗੂ ਹਰੀ ਸਿੰਘ, ਬਲਾਕ ਮਹਿਲਾ ਆਗੂ ਸੰਦੀਪ ਕੌਰ ਨੇ ਤਪਾ ਤੇ ਮਹਿਤਾ ਵਿਚ ਮੀਟਿੰਗਾਂ ਕੀਤੀਆਂ।
