ਜ਼ਮੀਨ ਨੂੰ ਨਹਿਰੀ ਪਾਣੀ ਦਿਵਾਉਣ ’ਤੇ ਵਿਧਾਇਕ ਦੇ ਪੁੱਤਰ ਦਾ ਸਨਮਾਨ
ਗਿੱਦੜਬਾਹਾ ਪਿੰਡ ਵਿੱਚ ਸੱਤ ਸਾਲਾਂ ਮਗਰੋਂ 91 ਏਕੜ ਰਕਬੇ ਦਾ ਬਣਦਾ ਨਹਿਰੀ ਪਾਣੀ ਦਿਵਾਉਣ ਲਈ ਵਿਧਾਇਕ ਡਿੰਪੀ ਢਿੱਲੋਂ ਦੇ ਪੁੱਤਰ ਪੈਵੀ ਢਿੱਲੋਂ ਨੂੰ ਪਿੰਡ ਵਾਸੀਆਂ ਵੱਲੋਂ ਸਾਦੇ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੈਵੀ ਢਿੱਲੋਂ ਨੇ ਦੱਸਿਆ ਕਿ ਗਿੱਦੜਬਾਹਾ ਪਿੰਡ ਦੇ 91 ਏਕੜ ਰਕਬੇ ਨੂੰ ਨਾ ਤਾਂ ਨਹਿਰੀ ਪਾਣੀ ਮਿਲ ਰਿਹਾ ਸੀ ਅਤੇ ਨਾ ਹੀ ਪਾਈਪ ਦਾ ਪਾਣੀ ਮਿਲ ਰਿਹਾ ਸੀ ਅਤੇ ਉਨ੍ਹਾਂ ਨੇ ਲੋਕਾਂ ਨਾਲ ਬੀਤੇ ਵਰ੍ਹੇ ਜਿਮਨੀ ਚੋਣ ਲੜਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੇ ਪਿਤਾ ਡਿੰਪੀ ਢਿੱਲੋਂ ਜੇਕਰ ਜਿੱਤ ਪ੍ਰਾਪਤ ਕਰਕੇ ਵਿਧਾਇਕ ਬਣਦੇ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਇਆ ਜਾਵੇਗਾ। ਇਸ ਮੌਕੇ ਕਿਸਾਨਾਂ ਹਰਦੀਪ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਪਿਛਲੇ ਸੱਤ ਸਾਲਾਂ ਤੋਂ ਉਨ੍ਹਾਂ ਦੀ ਲਗਪਗ 91 ਏਕੜ ਜ਼ਮੀਨ ਨਹਿਰੀ ਪਾਣੀ ਦੀ ਘਾਟ ਕਾਰਨ ਬੰਜਰ ਪਈ ਸੀ। ਇਸ ਮੌਕੇ ਨਹਿਰੀ ਪਾਣੀ ਮਿਲਣ ਦੀ ਖ਼ੁਸ਼ੀ ਵਿੱਚ ਦਰਜਨ ਦੇ ਕਰੀਬ ਪਰਿਵਾਰਾਂ ਨੇ ਵੱਖ ਵੱਖ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ।