ਵਿਧਾਇਕ ਸਰਾਰੀ ਨੇ ਕਿਸਾਨਾਂ ਨੂੰ 1.6 ਕਰੋੜ ਦੇ ਮੁਆਵਜ਼ਾ ਪੱਤਰ ਵੰਡੇ
ਵਿਧਾਇਕ ਫੌਜਾ ਸਿੰਘ ਸਰਾਰੀ ਨੇ ਜ਼ਿਲ੍ਹੇ ’ਚ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਰਾਸ਼ੀ ਦੀ ਵੰਡ ਤਹਿਤ ਨੌਂ ਬਹਿਰਾਮ ਸ਼ੇਰ ਸਿੰਘ ਵਾਲਾ ਅਤੇ ਦੋਨਾ ਮੱਤੜ ਵਿੱਚ ਕਰਵਾਏ ਸਮਾਗਮ ਦੌਰਾਨ 226 ਕਿਸਾਨਾਂ ਨੂੰ ਕਰੀਬ 1.6 ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਸੌਂਪੇ। ਇਸ ਮੌਕੇ ਤਹਿਸੀਲਦਾਰ ਬੀਰਕਰਨ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਖੁਸ਼ੀ ਅਤੇ ਦੁੱਖ ਵਿੱਚ ਆਪਣੇ ਕਿਸਾਨ ਵੀਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਯੋਗ ਪਰਿਵਾਰ ਰਾਹਤ ਤੋਂ ਵਾਂਝਾ ਨਾ ਰਹੇ। ਉਨ੍ਹਾਂ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਕਿਸੇ ਵੀ ਪ੍ਰਭਾਵਿਤ ਵਿਅਕਤੀ ਨੂੰ ਮੁਆਵਜ਼ੇ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ। ਇਸ ਮੌਕੇ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਸਮੇਤ ਪਿੰਡ ਵਾਸੀ, ਪੰਚਾਇਤਾਂ ਦੇ ਨੁਮਾਇੰਦੇ ਅਤੇ ਅਧਿਕਾਰੀ ਹਾਜ਼ਰ ਸਨ।
ਮਾਨਸਾ (ਪੱਤਰ ਪ੍ਰੇਰਕ): ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪੰਜਾਬ ਵਿੱਚ ਇੱਕ ਹਫ਼ਤੇ ਤੱਕ ਸਾਰੇ ਕਿਸਾਨਾਂ ਨੂੰ ਹੜ੍ਹਾਂ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਵੰਡ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਅਗਲੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਹੁਤ ਛੇਤੀ ਗਿਰਦਾਵਰੀਆਂ ਕਰਵਾ ਕੇ ਮੁਆਵਜ਼ਾ ਵੰਡਣ ਦੀ ਇੱਕ ਨਵੀਂ ਪਿਰਤ ਸਰਕਾਰ ਵੱਲੋਂ ਪਾਈ ਗਈ ਹੈ। ਉਹ ਕਿਸਾਨਾਂ ਨੂੰ ਮੁਆਵਜ਼ਾ ਵੰਡਣ ਵਾਲੇ ਇੱਕ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਵਿਧਾਇਕ ਨੇ ਕਿਹਾ ਕਿ ਭਲਕੇ 23 ਅਕਤੂਬਰ ਨੂੰ ਮਾਨਸਾ ਦੇ ਬੱਚਤ ਭਵਨ ਵਿਖੇ 160 ਕਿਸਾਨਾਂ ਨੂੰ ਕਰੋੜਾਂ ਦੀ ਰਾਸ਼ੀ ਵਾਲੇ ਮੁਆਵਜ਼ਾ ਪੱਤਰਾਂ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਹਲਕਾ ਸਰਦੂਲਗੜ੍ਹ ਦੇ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਸਬੰਧੀ 4 ਲੱਖ 66 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਜਿਨ੍ਹਾਂ ਦੀਆਂ ਫਸਲਾਂ ਦਾ ਭਾਰੀ ਬਰਸਾਤ ਕਾਰਨ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਛੇਤੀ ਮੁਆਵਜ਼ਾ ਰਾਸ਼ੀ ਦਿਵਾਈ ਜਾਵੇਗੀ, ਜਿਸ ਨੂੰ ਪੂਰਾ ਕਰਦਿਆਂ ਪਿੰਡ ਕੁਸਲਾ, ਝੰਡਾ ਖੁਰਦ, ਮੀਰਪੁਰ ਖੁਰਦ ਤੇ ਚੂਹੜੀਆਂ ਦੇ 18 ਕਿਸਾਨਾਂ ਨੂੰ 4 ਲੱਖ 66 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਦਿੱਤੇ ਗਏ ਹਨ। ਇਸੇ ਦੌਰਾਨ ਡਿਪਟੀ ਕਮਿਸ਼ਨਰ ਨਵਜੋਤ ਕੌਰ, ਡਾ. ਗੁਰਲੀਨ ਕੌਰ, ਐੱਸ.ਡੀ.ਐੱਮ. ਡਾ. ਅਜੀਤ ਪਾਲ ਸਿੰਘ ਚਹਿਲ, ਨਾਇਬ ਤਹਿਸੀਲਦਾਰ ਜਗਪਾਲ ਸਿੰਘ ਤੋਂ ਇਲਾਵਾ ਪਿੰਡਾਂ ਦੇ ਕਿਸਾਨ ਮੌਜੂਦ ਸਨ।
ਚਾਰ ਪਿੰਡਾਂ ਦੇ ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਜਾਰੀ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਫ਼ਸਲਾਂ ਦੇ ਖਰਾਬੇ ਸਬੰਧੀ ਮੁਆਵਜ਼ਾ ਦੇਣ ਲਈ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਪਿੰਡ ਲੁਬਾਣਿਆਂਵਾਲੀ ਦੇ ਬਾਬਾ ਦਿਆਲ ਦਾਸ ਦੇ ਡੇਰੇ ਵਿੱਚ ਕਾਨਿਆਂਵਾਲੀ, ਬੂੜਾ ਗੁੱਜਰ, ਲੰਡੇਰੋਡੇ ਅਤੇ ਲੁਬਾਣਿਆਂਵਾਲੀ ਦੇ ਲਾਭਪਾਤਰੀਆਂ ਨੂੰ 21 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਜਾਰੀ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰੀ ਬਾਰਿਸ਼ ਦੌਰਾਨ ਜਿਨ੍ਹਾਂ ਪਿੰਡਾਂ ਵਿੱਚ ਫ਼ਸਲਾਂ ਜਾਂ ਮਕਾਨਾਂ ਦਾ ਨੁਕਸਾਨ ਹੋਇਆ ਸੀ, ਉਨ੍ਹਾਂ ਨੂੰ ਮੁਆਵਜ਼ਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਲੜੀ ਤਹਿਤ ਇਨ੍ਹਾਂ ਪਿੰਡਾਂ ਦੇ 68 ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਇਸ ਮੌਕੇ ਤਹਿਸਾਲਦਾਰ ਗੁਰਪ੍ਰੀਤ ਸਿੰਘ, ਕਾਨੂੰਗੋ ਸੁਖਦੇਵ ਮੁਹੰਮਦ, ਸਰਪੰਚ ਗੁਰਦੇਵ ਸਿੰਘ, ਪਟਵਾਰੀ ਮਹਿੰਦਰ ਸਿੰਘ, ਪਟਵਾਰੀ ਗੁਰਮਿਲਾਪ ਸਿੰਘ, ਮਨਜੀਤ ਸਿੰਘ ਪਟਵਾਰੀ ਬੂੜਾ ਗੁੱਜਰ, ਅਮਰੀਕ ਸਿੰਘ ਪਟਵਾਰੀ ਲੁਬਾਣਿਆਂਵਾਲੀ, ਇਕਬਾਲ ਸਿੰਘ, ਬਰਲਾਜ ਸਿੰਘ ਸਾਬਕਾ ਸਰਪੰਚ, ਗੁਰਬਚਨ ਸਿੰਘ ਖਾਲਸਾ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਰਣਧੀਰ ਸਿੰਘ, ਅਮਰਜੀਤ ਸਿੰਘ, ਰਾਜੂ, ਰਾਜਾ ਸਰਪੰਚ, ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਮਾਈਲ ਕੁਮਾਰ ਤੋਂ ਇਲਾਵਾ ਪੰਚਾਇਤਾਂ ਦੇ ਨੁਮਾਇੰਦੇ ਅਤੇ ਪਾਰਟੀ ਵਰਕਰ ਹਾਜ਼ਰ ਸਨ।