ਵਿਧਾਇਕ ਵੱਲੋਂ ਮ੍ਰਿਤਕਾ ਦੇ ਪਰਿਵਾਰ ਨੂੰ ਚੈੱਕ ਭੇਟ
ਮਾਨਸਾ ਜ਼ਿਲ੍ਹੇ ਦੇ ਪਿੰਡ ਫ਼ਤਿਹਪੁਰ ਵਿੱਚ ਦੋ ਦਿਨ ਮੀਂਹ ਕਾਰਨ ਘਰ ਦੀ ਛੱਤ ਡਿੱਗਣ ਨਾਲ ਜਿਹੜੀ ਔਰਤ ਮਹਿੰਦਰ ਕੌਰ ਪਤਨੀ ਰੂਪ ਸਿੰਘ ਦੀ ਮੌਤ ਹੋ ਗਈ ਸੀ, ਉਸਦੇ ਪਰਿਵਾਰ ਨੂੰ ਅੱਜ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਪਿੰਡ ਧਰਮਸ਼ਾਲਾ ਵਿੱਚ ਪਹੁੰਚ ਕੇ 4 ਲੱਖ ਰੁਪਏ ਦਾ ਚੈੱਕ ਵਿੱਤੀ ਸਹਾਇਤਾ ਵਜੋਂ ਦਿੱਤਾ ਗਿਆ।
ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਮਕਾਨ ਦੀ ਛੱਤ ਡਿੱਗਣ ਕਾਰਨ ਮਹਿੰਦਰ ਕੌਰ ਪ੍ਰਲੋਕ ਸੁਧਾਰ ਗਏ ਸਨ। ਇਸਦੀ ਸੂਚਨਾ ਜਿਉਂ ਹੀ ਉਨ੍ਹਾਂ ਤੱਕ ਪੁੱਜੀ ਤਾਂ ਉਨ੍ਹਾਂ ਪਾਰਟੀ ਵਰਕਰਾਂ ਸਮੇਤ ਘਰ ਪੁੱਜਕੇ ਅਫ਼ਸੋਸ ਕੀਤਾ ਅਤੇ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਪੀੜਤ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈਕ ਸੌਂਪਿਆ ਗਿਆ। ਵਿਧਾਇਕ ਬਣਾਂਵਾਲੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਪੀੜਤ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜਕੇ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਸੰਸਾਰ ’ਚੋਂ ਚਲੇ ਗਏ ਇਨਸਾਨ ਦੀ ਭਰਪਾਈ ਨਹੀਂ ਹੋ ਸਕਦੀ, ਪਰ ਸਰਕਾਰ ਕੁਦਰਤੀ ਆਫ਼ਤ ਵਿੱਚ ਜਿੰਨਾ ਹੋ ਸਕੇ, ਪੀੜਤ ਪਰਿਵਾਰਾਂ ਦੀ ਬਾਂਹ ਫੜ ਕੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ। ਇਸ ਮੌਕੇ ਐੱਸਡੀਐੱਮ ਅਜੀਤਪਾਲ ਸਿੰਘ, ਤਹਿਸੀਲਦਾਰ ਝੁਨੀਰ ਸੁਰਿੰਦਰ ਪੱਬੀ, ਪਿੰਡ ਦੇ ਪਟਵਾਰੀ ਤੇ ਸਰਪੰਚ ਸਮੇਤ ਹੋਰ ਲੋਕ ਮੌਜੂਦ ਸਨ।