ਵਿਧਾਇਕ ਨਰੇਸ਼ ਕਟਾਰੀਆ ਨੇ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ
ਪਿਛਲੇ ਇੱਕ ਦਹਾਕੇ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਹਲਕਾ ਵਿਧਾਇਕ ਨਰੇਸ਼ ਕੁਮਾਰ ਕਟਾਰੀਆ ਵੱਲੋਂ ਅੱਜ ਮੱਲਾਂਵਾਲਾ ਜ਼ੀਰਾ ਰੋਡ ਦੇ ਕੱਚਰ ਭੰਨ ਤੱਕ ਟੁੱਟੀ ਸੜਕ ਨੂੰ ਬਣਾਉਣ ਦਾ ਟੱਕ ਲਗਾ ਕੇ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਇਸ ਸੜਕ ’ਤੇ ਤਕਰੀਬਨ ਪੰਜ ਕਰੋੜ ਰੁਪਏ ਖਰਚਾ ਆਵੇਗਾ ਜਿਸ ਵਿੱਚ ਚਾਰ ਕਰੋੜ 84 ਲੱਖ ਸੜਕ ਨੂੰ ਨਵੀਂ ਬਣਾਉਣ ਅਤੇ 67 ਲੱਖ 50 ਹਜ਼ਾਰ ਰੁਪਏ ਸੜਕ ਦੇ ਰੱਖ ਰਖਾਅ ਵਾਸਤੇ ਖਰਚ ਕੀਤਾ ਜਾਵੇਗਾ। ਇਹ ਸੜਕ ਖਰਾਬ ਹੋਣ ਕਾਰਨ ਲੋਕਾਂ ਨੂੰ ਕਈ ਕਿਲੋਮੀਟਰ ਦਾ ਵੱਧ ਸਫਰ ਤੈਅ ਕਰਕੇ ਮੋਗਾ, ਫਰੀਦਕੋਟ, ਕੋਟਕਪੂਰਾ, ਬਠਿੰਡਾ ਆਦਿ ਸ਼ਹਿਰਾਂ ਨੂੰ ਜਾਣਾ ਪੈਂਦਾ ਸੀ। ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਹਲਕੇ ਦੀਆਂ ਬਾਕੀ ਰਹਿੰਦੀਆਂ ਸੜਕਾਂ ਦਾ ਕੰਮ ਵੀ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਹਲਕਾ ਵਿਧਾਇਕ ਨੇ ਕਿਹਾ ਕਿ ਹੜ੍ਹ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਜਲਦੀ ਹੀ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਮੌਕੇ ਸੁਖਦੇਵ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਮੱਲਾਂਵਾਲਾ, ਪੀ.ਏ. ਮੇਜਰ ਸਿੰਘ ਭੁੱਲਰ, ਪ੍ਰਧਾਨ ਮਹਾਵੀਰ ਸਿੰਘ ਸੰਧੂ, ਪ੍ਰਧਾਨ ਕੁਲਭੂਸ਼ਣ ਧਵਨ, ਕਰਨ ਪੱਖੋ ਕੇ, ਦਲਜੀਤ ਸਿੰਘ ਸਰਪੰਚ ਕੋਹਾਲਾ, ਜੱਸ ਧੰਜੂ, ਅਨਮੋਲ ਸਿੰਘ ਖਿੰਡਾ, ਲਖਵਿੰਦਰ ਸਿੰਘ ਭੁੱਲਰ, ਜਗਜੀਤ ਸਿੰਘ ਸੰਧੂ, ਰਿੰਕੂ ਪ੍ਰਧਾਨ, ਮੰਨਾ ਚੌਧਰੀ, ਗੁਰਮਾਲਕ ਸਿੰਘ ਲੰਡਾ, ਜਗੀਰ ਸਿੰਘ ਬਿਜਲੀ ਵਾਲੇ, ਸੱਤਪਾਲ ਗਰੋਵਰ, ਪਰਮਿੰਦਰ ਗਰੋਵਰ, ਜੋਗਿੰਦਰ ਸਿੰਘ ਪ੍ਰਧਾਨ ਆਦਿ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।