ਵਿਧਾਇਕ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਅੱਜ ਨਗਰ ਕੌਂਸਲ ਦੇ ਦਫ਼ਤਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਲੋਕਾਂ ਨੇ ਜ਼ਿਆਦਾ ਦੇਰ ਬੰਦ ਰਹਿੰਦੇ ਚੱਕਾਂ ਵਾਲੇ ਰੇਲਵੇ ਫਾਟਕ ਅਤੇ ਕੌਮੀ ਮਾਰਗ ਨੂੰ ਮਿਲਾਉਂਦੀ ਬੇਹੱਦ ਖਸਤਾ ਹਾਲ ਭੁੱਚੋ ਕੈਂਚੀਆਂ ਸੜਕ ਦੀ ਗੰਭੀਰ ਸਮੱਸਿਆ ਨੂੰ ਹੱਲ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਲੋਕਾਂ ਨੇ ਹੋਰ ਵੀ ਅਨੇਕਾਂ ਸਮੱਸਿਆਵਾਂ ਗਿਣਾਈਆਂ, ਜਿਨ੍ਹਾਂ ਵਿੱਚੋਂ ਕੁਝ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕਰਵਾ ਦਿੱਤਾ ਗਿਆ। ਵਿਧਾਇਕ ਨੇ ਰੇਲਵੇ ਫਾਟਕ ਅਤੇ ਭੁੱਚੋ ਕੈਂਚੀਆਂ ਸੜਕ ਦੀ ਸਮੱਸਿਆ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਚੱਕਾਂ ਵਾਲੇ ਰੇਲਵੇ ਫਾਟਕ ਸਬੰਧੀ ਡੀਸੀ ਸ਼ੌਕਤ ਅਹਿਮਦ ਪਰੇ ਜ਼ਰੀਏ ਪੰਜਾਬ ਦੇ ਪਬਲਿਕ ਵਰਕਸ ਵਿਭਾਗ ਦੇ ਸਕੱਤਰ ਆਈਏਐਸ ਰਵੀ ਭਗਤ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਭੁੱਚੋ ਕੈਂਚੀਆਂ ਸੜਕ ਦੀ ਮੁਰੰਮਤ ਅਤੇ ਉਸ ਨੂੰ 7 ਮੀਟਰ ਤੋਂ ਵਧਾ ਕੇ 10 ਮੀਟਰ ਚੌੜਾ ਕਰ ਕੇ ਬਣਾਉਣ ਲਈ ਪੱਤਰ ਭੇਜਿਆ ਜਾ ਚੁੱਕਾ ਹੈ। ਇਸ ਵਿੱਚ 1.27 ਕਿਲੋ ਮੀਟਰ ਸੜਕ ਲਈ ਅਨੁਮਾਨਿਤ ਲਾਗਤ 3.53 ਕਰੋੜ ਦਾ ਫੰਡ ਭੇਜਣ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਵਿਧਾਇਕ ਦੇ ਪੀਏ ਰਸਟੀ ਮਿੱਤਲ, ਨਗਰ ਕੌਂਸਲ ਦੇ ਪ੍ਹਧਾਨ ਜੋਨੀ ਬਾਂਸਲ, ਈਓ ਤਰੁਣ ਕੁਮਾਰ, ਕੌਂਸਲਰ ਪਿ੍ਰੰਸ ਗੋਲਨ, ਆਪ ਆਗੂ ਰਜੇਸ਼ ਨਿੱਕਾ ਅਤੇ ਅਨਿਲ ਬਾਂਸਲ ਹਾਜ਼ਰ ਸਨ।