ਵਿਧਾਇਕ ਵੱਲੋਂ ਤਿੰਨ ਕਰੋੜ ਦੇ ਸੜਕੀ ਪ੍ਰਾਜੈਕਟਾਂ ਦੀ ਸ਼ੁਰੂਆਤ
ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਈ ਮਹੱਤਵਪੂਰਨ ਸੜਕ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖ ਕੇ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਸ਼ਾਹਬਾਜ ਨਗਰ, ਦਸਮੇਸ਼ ਨਗਰ, ਦੀਪ ਸਿੰਘ ਨਗਰ ਅਤੇ ਹਰਿੰਦਰਾ ਨਗਰ ਵਿੱਚ ਨਵੀਆਂ ਸੜਕਾਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਵਿਧਾਇਕ ਨੇ ਦੱਸਿਆ ਕਿ ਵੱਖ-ਵੱਖ ਮੁਹੱਲਿਆਂ ਵਿੱਚ ਸੜਕਾਂ ਦੇ ਨਵੀਨੀਕਰਨ ਲਈ 3.3 ਕਰੋੜ ਰੁਪਏ ਦੀ ਲਾਗਤ ਆਉਣੀ ਹੈ। ਇਸ ਵਿੱਚ 1.1 ਕਰੋੜ ਰੁਪਏ ਨਾਲ ਸ਼ਾਹਬਾਜ ਨਗਰ ਅਤੇ ਬਾਜੀਗਰ ਬਸਤੀ ਵਿੱਚ, ਦਸਮੇਸ਼ ਨਗਰ ਵਿੱਚ 40 ਲੱਖ ਰੁਪਏ, ਹਰਿੰਦਰਾ ਨਗਰ ’ਚ 48 ਲੱਖ ਰੁਪਏ ਅਤੇ 64 ਲੱਖ ਰੁਪਏ ਦੀ ਲਾਗਤ ਨਾਲ ਗ੍ਰੀਨ ਐਵੇਨਿਊ ਵਿੱਚ ਨਵੀਂ ਸੜਕ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਹਾਜ਼ ਗਰਾਊਂਡ ਰੋਡ ’ਤੇ ਵੀ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਸੜਕ ਬਣਾਈ ਜਾਵੇਗੀ। ਇਸ ਦਾ ਕੰਮ ਜਲਦੀ ਸ਼ੁਰੂ ਹੋਵੇਗਾ। ਸ਼ਹਿਰ ਦੀਆਂ ਹੋਰ ਚਾਰ ਵੱਡੀਆਂ ਸੜਕਾਂ ਲਈ 4.22 ਕਰੋੜ ਰੁਪਏ ਦੇ ਟੈਂਡਰ ਲੱਗ ਚੁੱਕੇ ਹਨ ਅਤੇ ਇਨ੍ਹਾਂ ’ਤੇ ਵੀ ਜਲਦ ਕੰਮ ਸ਼ੁਰੂ ਹੋਵੇਗਾ। ਵਿਧਾਇਕ ਨੇ ਦੱਸਿਆ ਕਿ ਕੋਤਵਾਲੀ ਰੋਡ ਤੋਂ ਪੁਲ ਤੱਕ ਦੀ ਸੜਕ ਦੋ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਾਲ ਹੀ ਪਾਣੀ ਸਪਲਾਈ ਨਾਲ ਜੁੜੇ ਕਈ ਪ੍ਰਾਜੈਕਟਾਂ ’ਤੇ ਵੀ ਜਲਦੀ ਕੰਮ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਫ਼ਰੀਦਕੋਟ ਅਮਨਦੀਪ ਸਿੰਘ ਬਾਬਾ, ਜ਼ਿਲ੍ਹਾ ਪ੍ਰਧਾਨ ‘ਆਪ’ ਗੁਰਤੇਜ ਸਿੰਘ ਖੋਸਾ, ਐੱਮਸੀ ਕਮਲਜੀਤ ਸਿੰਘ, ਜ਼ਿਲ੍ਹਾ ਮੀਡੀਆ ਇੰਚਾਰਜ ਜਗਜੀਤ ਜੱਗੀ, ਗੁਰਲਾਲ ਸਿੰਘ, ਰਵਦੀਪ ਸਿੰਘ, ਜਗਮੋਹਨ ਲੱਕੀ, ਰਜਿੰਦਰ ਰਿੰਕੂ, ਸਤਨਾਮ ਸਿੰਘ, ਪ੍ਰੀਤਮ ਸਿੰਘ, ਰਵੀ ਬੁਗਰਾ, ਸੋਨੂੰ ਗਿੱਲ ਆਦਿ ਹਾਜ਼ਰ ਸਨ।