ਵਿਧਾਇਕ ਵੱਲੋਂ ਗ੍ਰੀਨ ਵੈਲੀ ਰੋਡ ਦਾ ਉਦਘਾਟਨ
ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਵਿਧਾਇਕ ਡਾ. ਵਿਜੈ ਸਿੰਗਲਾ ਵੱਲੋਂ ਗ੍ਰੀਨ ਵੈਲੀ ਰੋਡ ਦਾ ਨਾਂ ਬਦਲ ਕੇ ਮਾਨਸਾ ਅਗਰਸੈਨ ਮਾਰਗ ਰੱਖਣ ਤੋਂ ਬਾਅਦ ਅੱਜ ਇਸ ਸੜਕ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਇਸ ਸੜਕ ਦੀ ਖਸਤਾ ਹਾਲਤ ਸੀ, ਜਿਸ ਕਾਰਨ ਸ਼ਹਿਰੀਆਂ ਵੱਲੋਂ ਇਸ ਸੜਕ ਨੂੰ ਨਵੇਂ ਸਿਰੇ ਤੋਂ ਬਣਾਉਣ ਅਤੇ ਹੋਰ ਚੌੜਾ ਕਰਨ ਦੀ ਮੰਗ ਕੀਤੀ ਜਾ ਰਹੀ, ਜੋ ਹੁਣ ਇੱਕ ਮਹੀਨੇ ਦੇ ਅੰਦਰ ਸੜਕ ਤਿਆਰ ਹੋਣ ਤੋਂ ਬਾਅਦ ਪੂਰੀ ਹੋ ਜਾਵੇਗੀ।
ਵਿਧਾਇਕ ਡਾ. ਵਿਜੈ ਸਿੰਗਲਾ ਨੇ ਦੱਸਿਆ ਕਿ ਮਾਨਸਾ ’ਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਣ ਵਾਲੇ ਲੋਕਾਂ ਦੇ ਸ਼ਹਿਰ ਅੰਦਰ ਦਾਖ਼ਲ ਲਈ ਆਈ ਸੀ ਆਈ ਰੋਡ, ਪੀਰਖਾਨਾ ਰੋਡ, ਡੀ ਡੀ ਫੌਰਟ ਰੋਡ, ਰਮਨ ਸਿਨੇਮਾ, ਠੂਠਿਆਂਵਾਲੀ ਰੋਡ, ਚੁਕੇਰੀਆਂ ਰੋਡ ਤੇ ਕਚਹਿਰੀ ਰੋਡ ਸਮੇਤ ਹੋਰ ਸੜਕਾਂ ਦਾ 31 ਮਾਰਚ ਤੋਂ ਪਹਿਲਾਂ-ਪਹਿਲਾਂ ਕੰਮ ਪੂਰਾ ਕਰਵਾਇਆ ਜਾਵੇਗਾ। ਇਸੇ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਸੜਕ ਬਣਾਉਣ ਦਾ ਜਿਹੜੇ ਠੇਕੇਦਾਰ ਕੋਲ ਕੰਮ ਹੋਵੇਗਾ, ਉਸ ਵੱਲੋਂ ਇਸ ਦੀ ਮੁਰੰਮਤ ਸਬੰਧੀ 5 ਸਾਲ ਦਾ ਇਕਰਾਰਨਾਮਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸੜਕ ਦੇ ਨਿਰਮਾਣ ’ਚ ਮਾੜਾ ਮੈਟੀਰੀਅਲ ਵਰਤਿਆ ਜਾਂਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਅਜਿਹੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆ ਸਕਦੇ ਹਨ। ਇਸ ਮੌਕੇ ਨਗਰ ਕੌਸਲ ਪ੍ਰਧਾਨ ਸੁਨੀਲ ਕੁਮਾਰ ਨੀਨੂੰ, ਐਡਵੋਕੇਟ ਅਮਨ ਮਿੱਤਲ, ਵਿਸ਼ਾਲ ਜੈਨ ਗੋਲਡੀ ਸਮੇਤ ਲੋਕ ਮੌਜੂਦ ਸਨ।
