ਵਿਧਾਇਕ ਨੇ 16 ਪਿੰਡਾਂ ਦੇ ਕਿਸਾਨਾਂ ਨੂੰ ਮੁਆਵਜ਼ਾ ਵੰਡਿਆ
ਹਲਕਾ ਭਦੌੜ ਤੋਂ ‘ਆਪ’ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਤਪਾ ਤਹਿਸੀਲ ਵਿੱਚ ਹਲਕੇ ਦੇ 16 ਪਿੰਡਾਂ ਦੇ ਕਿਸਾਨਾਂ ਨੂੰ ਲਗਭਗ 34 ਲੱਖ ਰੁਪਏ ਦੇ ਮੁਆਵਜ਼ੇ ਦੇ ਸਰਟੀਫਿਕੇਟ ਵੰਡੇ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਕਿਸਾਨਾਂ ਦੇ ਖ਼ਾਤਿਆਂ ਵਿੱਚ ਜਮ੍ਹਾਂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਮੁਆਵਜ਼ੇ ਦੀ ਰਕਮ ਦਾ ਮਾਪਦੰਡ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦੀ ਅਨੁਪਾਤ ਅਨੁਸਾਰ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਰਕਮ ਸਿਰਫ਼ ਸਬ-ਤਹਿਸੀਲ ਭਦੌੜ ਅਤੇ ਤਹਿਸੀਲ ਤਪਾ ਦੇ ਕਿਸਾਨਾਂ ਵਿੱਚ ਵੰਡੀ ਗਈ ਹੈ। ਹਲਕੇ ਦੇ ਬਾਕੀ ਪਿੰਡਾਂ ਦੇ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਵੀ ਹਫ਼ਤੇ ਦੇ ਅੰਦਰ-ਅੰਦਰ ਅਦਾ ਕਰ ਦਿੱਤੀ ਜਾਵੇਗੀ। ਇਸ ਮੌਕੇ ਤਹਿਸੀਲਦਾਰ ਓਂਕਾਰ ਸਿੰਘ,ਨਾਇਬ ਤਹਿਸੀਲਦਾਰ ਭਦੌੜ ਹਰਵਿੰਦਰ ਸਿੰਘ, ਕਾਨੂੰਨਗੋ ਪ੍ਰਦੀਪ ਕੁਮਾਰ, ਡਾ.ਬਾਲ ਚੰਦ ਬਾਂਸਲ, ਅਰਵਿੰਦ ਰੰਗੀ ਅਤੇ ਰਾਜੂ ਮਾਰਕੰਡਾ ਆਦਿ ਹਾਜ਼ਰ ਸਨ।
ਹਲਕਾ ਮਹਿਲ ਕਲਾਂ ਦੇ 27 ਹੜ੍ਹ ਪੀੜਤਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ
ਮਹਿਲ ਕਲਾਂ(ਲਖਵੀਰ ਸਿੰਘ ਚੀਮਾ): ਇਥੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਐੱਸ ਡੀ ਐੱਮ ਸੋਨਮ ਵੱਲੋਂ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ ਗਏ। ਇਸ ਮੌਕੇ ਉਨ੍ਹਾਂ ਮਹਿਲ ਕਲਾਂ ਹਲਕੇ ਦੇ 27 ਹੜ੍ਹ ਪੀੜਤਾਂ ਨੂੰ 5.49 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ। ਇਸ ਮੌਕੇ ਵਿਧਾਇਕ ਪੰਡੋਰੀ ਨੇ ਦੱਸਿਆ ਕਿ ਭਾਰੀ ਬਰਸਾਤ ਜਾਂ ਹੜ੍ਹ ਵਰਗੇ ਹਾਲਾਤ ਕਾਰਨ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਮੱਦਦ ਲਈ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪਾਰਦਰਸ਼ੀ ਤਰੀਕੇ ਨਾਲ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਹਿਲ ਕਲਾਂ ਹਲਕੇ ਦੇ ਕੁੱਲ 41 ਹੜ੍ਹ ਪੀੜਤ ਪਰਿਵਾਰਾਂ ਨੂੰ 9.82 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡੀ ਜਾ ਰਹੀ ਹੈ।
Advertisement