ਵਿਧਾਇਕ ਨੇ ਹੜ੍ਹ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਪੱਤਰ ਵੰਡੇ
ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਅੱਜ ਹਲਕੇ ਦੇ 17 ਪਿੰਡਾਂ ਦੇ ਕਰੀਬ 1350 ਲਾਭਪਾਤਰੀਆਂ ਨੂੰ 5.83 ਕਰੋੜ ਰੁਪਏ ਦੇ ਫ਼ਸਲੀ ਮੁਆਵਜ਼ੇ ਦੇ ਪੱਤਰ ਵੰਡੇ। ਉਨ੍ਹਾਂ ਆਖਿਆ ਕਿ ਕੋਈ ਪੀੜਤ ਮੁਆਵਜ਼ਾ ਰਾਸ਼ੀ ਤੋਂ ਵਾਂਝਾ ਨਹੀਂ ਰਹੇਗਾ। ਇਹ ਪੱਤਰ ਹੜ੍ਹ ਪ੍ਰਭਾਵਿਤ ਪਿੰਡ ਮਰਦਾਰਪੁਰ, ਬੰਡਾਲਾ, ਮੰਦਰ ਕਲਾਂ, ਭੈਣੀ, ਮਹਿਰੂਵਾਲਾ, ਦੌਲੇਵਾਲਾ ਕਲਾਂ, ਪਰਲੀਵਾਲਾ, ਆਦਰਾਮਾਨ, ਰੇਹੜ੍ਹਵਾਂ, ਮੰਝਲੀ, ਸੇਰੇਵਾਲਾ, ਗੱਟੀ ਕਮਾਲਕੇ, ਕਮਾਲਕੇ, ਦੌਲੇਵਾਲਾ ਖੁਰਦ, ਚੱਕ ਭੋਰਾ, ਗੱਟੀ ਜੱਟਾਂ, ਚੱਕ ਤਾਰੇਵਾਲਾ ਦੇ ਪੀੜਤਾਂ ਨੂੰ ਦਿੱਤੇ ਗਏ। ਵਿਧਾਇਕ ਨੇ ਕਿਹਾ ਕਿ ਭਾਰੀ ਬਾਰਿਸ਼ ਦੌਰਾਨ ਜਿਨ੍ਹਾਂ ਪਿੰਡਾਂ ਵਿੱਚ ਫ਼ਸਲਾਂ ਦਾ ਨੁਕਸਾਨ ਹੋਇਆ ਸੀ ਉਨ੍ਹਾਂ ਨੂੰ ਮੁਆਵਜ਼ਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਹੜ੍ਹ ਪੀੜਤ ਪਰਿਵਾਰ ਦੇ ਖਾਤਿਆਂ ਵਿੱਚ ਫ਼ਸਲਾਂ ਦੇ ਖ਼ਰਾਬੇ ਦੀ ਰਾਸ਼ੀ ਪਾਈ ਜਾਣੀ ਯਕੀਨੀ ਬਣਾਈ ਜਾ ਰਹੀ ਹੈ। ਵਿਧਾਇਕ ਢੋਸ ਨੇ ਕਿਹਾ ਕਿ ਭਾਰੀ ਮੀਂਹ ਅਤੇ ਹੜ੍ਹ ਕਾਰਨ ਰਾਜ ’ਚ ਵੱਡੀ ਪੱਧਰ ਉੱਤੇ ਫਸਲਾਂ ਖ਼ਰਾਬ ਹੋ ਗਈਆਂ ਸਨ, ਕਈ ਲੋਕਾਂ ਦੇ ਘਰ ਅਤੇ ਹੋਰ ਇਮਾਰਤਾਂ ਵੀ ਢਹਿ ਗਈਆਂ ਸਨ ਪਰ ਹਰੇਕ ਪੀੜਤ ਪਰਿਵਾਰ ਨੂੰ ਹੋਏ ਨੁਕਸਾਨ ਦੀ ਪੜਤਾਲ ਉਪਰੰਤ ਰਾਹਤ ਰਾਸ਼ੀ ਦਿੱਤੀ ਜਾ ਰਹੀ ਹੈ। ਕਿਸਾਨਾਂ ਨੂੰ ਫ਼ਸਲ ਦੇ ਖ਼ਰਾਬੇ ਲਈ ਪ੍ਰਤੀ ਏਕੜ 20 ਹਜ਼ਾਰ ਰੁਪਏ ਮਿਲ ਰਹੇ ਹਨ।
ਇਸ ਮੌਕੇ ਐੱਸ ਡੀ ਐੱਮ ਧਰਮਕੋਟ ਹਿਤੇਸ਼ਵੀਰ ਗੁਪਤਾ, ਚੇਅਰਮੈਨ ਮਾਰਕੀਟ ਕਮੇਟੀ ਫਤਹਿਗੜ੍ਹ ਪੰਜਤੂਰ ਸੁਖਬੀਰ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।
