ਵਿਧਾਇਕ ਨੇ ਕਿਸਾਨਾਂ ਨੂੰ ਮੁਆਵਜ਼ਾ ਪੱਤਰ ਵੰਡੇ
ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਅੱਜ 8ਵੀਂ ਅਤੇ ਅਖੀਰਲੀ ਕਿਸ਼ਤ ਵਜੋਂ ਤਿੰਨ ਪਿੰਡਾਂ ਦੇ 239 ਕਿਸਾਨਾਂ ਨੂੰ 82 ਲੱਖ 79 ਹਜ਼ਾਰ 674 ਰੁਪਏ ਦੀ ਰਾਸ਼ੀ ਦੇ ਮੁਆਵਜ਼ਾ ਪੱਤਰ ਸੌਂਪੇ। ਵਿਧਾਇਕ ਵੱਲੋਂ ਇਹ ਪੱਤਰ ਬੇਮੁਹਾਰੇ ਮੀਂਹਾਂ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਵਜੋਂ ਦਿੱਤੇ ਗਏ ਹਨ। ਇਸ ਮੌਕੇ ਬੁਢਲਾਡਾ ਦੇ ਐਸ ਡੀ ਐਮ ਗਗਨਦੀਪ ਸਿੰਘ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹਾਂ ਦੀ ਸਥਿਤੀ ਨਾਲ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਹੈ, ਸਾਰੇ 23 ਜ਼ਿਲ੍ਹਿਆਂ ਵਿੱਚ ਹੋਏ ਨੁਕਸਾਨ ਦੀ ਕਿਸਾਨਾਂ ਨੂੰ ਰਾਹਤ ਰਾਹਤ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।
ਵਿਧਾਇਕ ਬੁੱਧ ਰਾਮ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਵਿੱਚ ਝੋਨੇ ਦੀ ਪਰਾਲੀ ਦੀ ਸੁਚੱਜੀ ਵਰਤੋਂ ਕਰਨ ਅਤੇ ਪਰਾਲੀ ਸਾੜਨ ਨੂੰ ਘਟਾਉਣ ਲਈ ਸੂਬੇ ਵਿੱਚ ਚੱਲ ਰਹੇ 2500 ਭੱਠਿਆਂ ਵਿੱਚ ਘੱਟੋ-ਘੱਟ 20 ਫੀਸਦੀ ਕੋਲੇ ਦੀ ਥਾਂ ਪਰਾਲੀ ਨੂੰ ਬਾਲਣ ਵਜੋਂ ਵਰਤਣਾ ਲਾਜ਼ਮੀ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਹਲਕਾ ਬੁਢਲਾਡਾ ਦੇ 46 ਪਿੰਡਾਂ ਦੇ 1341 ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ 3,81,90,997 ਜੋ ਸਰਕਾਰ ਵੱਲੋਂ ਜਾਰੀ ਹੋਈ ਸੀ ਅਤੇ ਇਹ ਮੁਆਵਜ਼ਾ ਰਾਸ਼ੀ ਪੀੜਤ ਕਿਸਾਨਾਂ ਨੂੰ ਵੰਡ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜਲਦੀ ਹੀ ਘਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਵੰਡਿਆ ਜਾਵੇਗਾ।
