ਪੁਲੀਸ ਤੇ ਦੁਕਾਨਦਾਰਾਂ ਦਾ ਮਾਮਲਾ ਸੁਲਝਿਆ
ਪਿੰਡ ਦੋਦਾ ਵਿੱਚ ਪਿਛਲੇ ਦਿਨਾਂ ਤੋਂ ਦੁਕਾਨਦਾਰਾਂ ਅਤੇ ਪੁਲੀਸ ਵਿਚਕਾਰ ਚੱਲ ਰਹੇ ਰੇੜਕੇ ਨੂੰ ਫ਼ਿਲਹਾਲ ਸੁਲਝਾ ਦਿੱਤਾ ਹੈ। ਵਰਨਣਯੋਗ ਹੈ ਕਿ ਪਿਛਲੇ ਦਿਨੀਂ ਦੋਦਾ ਦੇ ਇਕ ਦੁਕਾਨਦਾਰ ਅਤੇ ਕੁਝ ਪੁਲੀਸ ਮੁਲਾਜ਼ਮਾਂ ਵਿੱਚ ਝਗੜਾ ਹੋ ਗਿਆ ਹੈ, ਜਿਸ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਦੋਦਾ ਚੌਕੀ ਦਾ ਘਿਰਾਓ ਕੀਤਾ ਗਿਆ ਸੀ। ਅੱਜ ਪਿੰਡ ਦੋਦਾ ਦੇ ਡੇਰਾ ਬਾਬਾ ਧਿਆਨਦਾਸ ਵਿੱਚ ਦੁਕਾਨਦਾਰਾਂ ਅਤੇ ਪੰਚਾਇਤ ਦੀ ਹਾਜ਼ਰੀ ’ਚ ਮਸਲੇ ਨੂੰ ਸੁਲਝਾਇਆ ਗਿਆ। ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਡਿੰਪੀ ਢਿੱਲੋਂ ਨੇ ਕਿਹਾ ਕਿ ਪਿਛਲੇ ਦਿਨੀਂ ਦੁਕਾਨਦਾਰ ਨੂੰ ਪਟਾਕਾ ਪੁਲੀਸ ਦੀ ਗੱਡੀ ’ਤੇ ਚਲਾਉਣ ਦੇ ਮਾਮਲੇ ’ਚ ਪੁਲੀਸ ਥਾਣੇ ਲੈ ਗਈ, ਪਰ ਪਟਾਕਾ ਕਿਸੇ ਹੋਰ ਵੱਲੋਂ ਚਲਾਏ ਜਾਣ ’ਤੇ ਪੁਲੀਸ ਨੇ ਦੁਕਾਨਦਾਰ ਨੂੰ ਛੱਡ ਦਿੱਤਾ ਸੀ ਅਤੇ ਮਾਮਲਾ ਸੁਲਝਾ ਲਿਆ ਗਿਆ ਸੀ, ਪਰ ਵਿਰੋਧੀਆਂ ਵੱਲੋਂ ਇਸ ਮੁੱਦੇ ਨੂੰ ਭੜਕਾ ਕੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਸੜਕ ਰੋਕਣ ਦੇ ਸਬੰਧ ਵਿੱਚ ਪੁਲੀਸ ਵੱਲੋਂ ਜੋ ਮਾਮਲਾ ਦਰਜ ਹੋਇਆ ਹੈ, ਉਹ ਦੁਕਾਨਦਾਰ ਭਲਾਈ ਸੰਗਠਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਆਹੁਦੇਦਾਰਾਂ ਦੀ ਮੰਗ ’ਤੇ ਰੱਦ ਕਰਵਾਇਆ ਜਾਵੇਗਾ। ਡਿੰਪੀ ਢਿੱਲੋਂ ਨੇ ਲੋਕਾਂ ਨੂੰ ਆਪਸੀ ਪ੍ਰੇਮ ਬਣਾ ਕੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹਲਕੇ ਦੇ ਲੋਕਾਂ ਦੇ ਨਾਲ ਖੜ੍ਹਨਗੇ। ਇਸ ਮੌਕੇ ਸੰਦੀਪ ਸਿੰਘ ਸੰਨੀ ਢਿੱਲੋਂ, ਐਡਵੋਕੇਟ ਜਗਤਾਰ ਸਿੰਘ ਧਾਲੀਵਾਲ ਸਮੇਤ ਡੇਰਾ ਬਾਬਾ ਧਿਆਨ ਦਾਸ ਕਮੇਟੀ ਦੇ ਸਮੂਹ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ।
