ਵਿਧਾਇਕ ਬੁੱਧ ਰਾਮ ਵੱਲੋਂ ਦੋ ਧਰਮਸ਼ਾਲਾਵਾਂ ਦੇ ਨਵੀਨੀਕਰਨ ਦਾ ਉਦਘਾਟਨ
ਜੋਗਿੰਦਰ ਸਿੰਘ ਮਾਨ
ਬੁਢਲਾਡਾ (ਮਾਨਸਾ), 13 ਜੁਲਾਈ
ਆਮ ਆਦਮੀ ਪਾਰਟੀ ਦੇ ਮਾਨਸਾ ਜ਼ਿਲ੍ਹੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਸਾਂਝੀਆਂ ਥਾਵਾਂ ਦੇ ਵਿਕਾਸ ਵੱਲ ਪੂਰਾ ਧਿਆਨ ਦੇ ਰਹੀ ਹੈ, ਜਿਸ ਸਦਕਾ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਝੜੀ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਸੂਬੇ ਦੀ ਵਿਕਾਸ ਅਤੇ ਲੋਕਾਂ ਲਈ ਵਚਨਬੱਧ ਹੈ। ਉਹ ਅੱਜ ਬੁਢਲਾਡਾ ਵਿੱਚ ਵਾਰਡ ਨੰ:1 ਅਤੇ 6 ਵਿੱਚ ਧਰਮਸ਼ਾਲਾ ਦੇ ਨਵੀਨੀਕਰਨ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ।
ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਵਾਰਡ ਦੇ ਲੋਕਾਂ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਵਾਰਡ ਨੰ:1 ਤੇ 6 ਵਿੱਚ ਧਰਮਸ਼ਾਲਾ ਦਾ ਬਹੁਤ ਬੁਰਾ ਹਾਲ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਸਾਂਝੇ ਪ੍ਰੋਗਰਾਮ ਅਤੇ ਨਿੱਜੀ ਪ੍ਰੋਗਰਾਮ ਕਰਨ ਲਈ ਘਰ ਤੋਂ ਦੂਰ-ਦੁਰਾਡੇ ਜਾਣਾ ਪੈਂਦਾ ਸੀ। ਚੋਣਾਂ ਸਮੇਂ ਵਾਰਡ ਵਾਸੀਆਂ ਦੀ ਇਹ ਪਹਿਲੀ ਮੰਗ ਸੀ ਕਿ ਧਰਮਸ਼ਾਲਾ ਦੇ ਹਾਲਾਤਾਂ ਨੂੰ ਸੁਧਾਰਿਆ ਜਾਵੇ।
ਉਨ੍ਹਾਂ ਦੱਸਿਆ ਕਿ ਧਰਮਸ਼ਾਲਾ ਵਿੱਚ ਛੱਤਾਂ ਉੱਚੀਆਂ, ਨਵੇਂ ਦਰਵਾਜ਼ੇ, ਪਖਾਨੇ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਵਾਰਡਾਂ ਦੇ ਲੋਕਾਂ ਨੂੰ ਆਪਣੇ ਦੁੱਖ-ਸੁੱਖ ਦੇ ਪ੍ਰੋਗਰਾਮ ਲਈ ਮਹਿੰਗੇ ਖਰਚੇ ਨਹੀਂ ਕਰਨੇ ਪੈਣਗੇ। ਇਸ ਮੌਕੇ ਸਿਕੰਦਰ ਸਿੰਘ, ਗੁਰਦੀਪ ਸਿੰਘ, ਦਰਸ਼ੀ ਸਿੰਘ, ਸਰਬਜੀਤ ਸਿੰਘ, ਪਾਲਾ ਸਿੰਘ, ਮੇਲਾ ਸਿੰਘ, ਮਨਜਿੰਦਰ ਬਿੱਟੂ, ਬਲਵਿੰਦਰ ਔਲਖ, ਜਾਤੀ ਰਾਮ, ਮਨੂੰ ਬਤਰਾ ਤੇ ਅਮਰੀਕ ਬੱਤਰਾ ਵੀ ਮੌਜੂਦ ਸਨ।