ਨਿਗਮ ਦੇ ਬੋਰਡਾਂ ਵਿੱਚ ਗ਼ਲਤੀਆਂ ਦੀ ਭਰਮਾਰ
ਸਥਾਨਕ ਨਗਰ ਨਿਗਮ ਵੱਲੋਂ ਲੱਖਾਂ ਰੁਪਏ ਖ਼ਰਚ ਕੇ ਸ਼ਹਿਰ ਅੰਦਰ ਗਲੀ-ਮੁਹੱਲਿਆਂ ਦੀ ਜਾਣਕਾਰੀ ਲਈ ਪੰਜਾਬੀ ਭਾਸ਼ਾ ਲਗਾਏ ਬੋਰਡਾਂ ’ਤੇ ਗ਼ਲਤੀਆਂ ਦੀ ਭਰਮਾਰ ਹੈ। ਨਗਰ ਨਿਗਮ ਜੁਆਇੰਟ ਕਮਿਸ਼ਨਰ ਰਮਨ ਕੌਸ਼ਲ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਹ ਗ਼ਲਤੀਆਂ ਠੀਕ ਕਰਵਾਉਣ ਲਈ ਸਬੰਧਤ ਨਿਗਮ ਦੀ ਬਰਾਂਚ ਜਾਂ ਠੇਕੇਦਾਰ ਨੂੰ ਹਦਾਇਤਾਂ ਕਰਨਗੇ।
ਜ਼ਿਕਰਯੋਗ ਹੈ ਕਿ ਇੱਥੇ ਚੱਪਲਾਂ ਵਾਲੀ ਗਲੀ ਨੂੰ (ਚਪੱਲਾਂ ਵਾਲੀ ਗਲੀ), ਟਰੰਕਾਂ ਵਾਲੀ ਗਲੀ ਨੂੰ (ਟ੍ਰਕਾ ਵਾਲੀ ਗਲੀ) ਅਤੇ ਵਾਰਡ ਨੰਬਰ 47 ਤੋਂ ਕੌਂਸਲਰ ਪੂਨਮ ਰਾਣੀ ਮੁਖ਼ੀਜਾ ਦੀ ਰਿਹਾਇਸ਼ ਨੂੰ ਦਰਸਾਉਂਦੇ ਜਾਣਕਾਰੀ ਬੋਰਡ ਉੱਤੇ ਉਨ੍ਹਾਂ ਦਾ ਨਾਮ (ਪੁਨਮ ਰਾਣੀ ਮੁਖੀਜਾ) ਲਿਖਿਆ ਗਿਆ ਹੈ। ਇਸੇ ਤਰ੍ਹਾਂ ਸ਼ਹਿਰ ਵਿੱਚ ਹੋਰ ਵੀ ਵੱਡੀ ਗਿਣਤੀ ਵਿੱਚ ਅਜਿਹੇ ਜਾਣਕਾਰੀ ਬੋਰਡਾਂ ਉੱਤੇ ਗ਼ਲਤੀਆਂ ਹੋਣ ਕਰ ਕੇ ਪੰੰਜਾਬ ਵਿੱਚ ਹੀ ਮਾਂ ਬੋਲੀ ਪੰਜਾਬੀ ਦਾ ਨਿਰਾਦਰ ਕੀਤਾ ਜਾ ਰਿਹਾ ਹੈ। ਇਨ੍ਹਾਂ ਜਾਣਕਾਰੀ ਬੋਰਡਾਂ ਵਿੱਚ ਪੰਜਾਬੀ ਭਾਸ਼ਾ ਦੀ ਕੀਤੀ ਗਈ ਦੁਰਦਸ਼ਾ ਨੂੰ ਸੁਧਾਰਨ ਦਾ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਜਦੋਂਕਿ ਰੋਜ਼ਾਨਾ ਅਧਿਕਾਰੀ ਇਨ੍ਹਾਂ ਸੜਕਾਂ ਤੇ ਮੁਹੱਲਿਆਂ ਵਿਚ ਘੁੰਮਦੇ ਹਨ।
ਇਸ ਸਬੰਧੀ ਚਿੰਤਕ ਤੇ ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਅਤੇ ਸਮਾਜ ਸੇਵੀ ਤੇ ਬੀ ਕੇ ਯੂ ਲੱਖੋਵਾਲ ਦੇ ਆਗੂ ਬਲਕਰਨ ਸਿੰਘ ਢਿੱਲੋਂ ਨੇ ਕਿਹਾ ਕਿ ਇਨ੍ਹਾਂ ਜਾਣਕਾਰੀ ਬੋਰਡਾਂ ’ਤੇ ਨਗਰ ਨਿਗਮ ਵੱਲੋਂ ਲੱਖਾਂ ਰੁਪਏ ਖ਼ਰਚ ਕੀਤੇ ਗਏ ਹਨ ਪਰ ਲੋਕਾਂ ਦੀ ਸਹੂਲਤਾਂ ਲਈ ਲਗਾਏ ਇਨ੍ਹਾਂ ਬੋਰਡਾਂ ਨਾਲ ਪੰਜਾਬੀ ਭਾਸ਼ਾ ਦਾ ਮਜ਼ਾਕ ਉਡਾਇਆ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਕਾਰੀ ਅਦਾਰਿਆਂ ਦੇ ਨਾਲ-ਨਾਲ ਪ੍ਰਾਈਵੇਟ ਅਦਾਰਿਆਂ ਨੂੰ ਵੀ ਪੰਜਾਬੀ ਭਾਸ਼ਾ ਨੂੰ ਸਤਿਕਾਰ ਦੇਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਰਸਮੀ ਤੌਰ ’ਤੇ ਚਿੱਠੀਆਂ ਕੱਢ ਦਿੱਤੀਆਂ ਗਈਆਂ ਕਿ ਅਦਾਰਿਆਂ ਅੱਗੇ ਪੰਜਾਬੀ ਵਿੱਚ ਬੋਰਡ ਨਾ ਲਾਉਣ ਵਾਲਿਆਂ ਨੂੰ ਜੁਰਮਾਨੇ ਕੀਤੇ ਜਾਣਗੇ ਪਰ ਕਿਸੇ ਅਧਿਕਾਰੀ ਨੇ ਦਫ਼ਤਰ ਤੋਂ ਬਾਹਰ ਆ ਕੇ ਸਰਕਾਰੀ ਦਫ਼ਤਰਾਂ ਅੱਗੇ ਸਾਲਾਂ ਤੋਂ ਤਰੁੱਟੀਆਂ ਠੀਕ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ।
