ਮਿਸ਼ਨ-2027: ਆਬਜ਼ਰਵਰ ਦੀ ਘੁਰਕੀ ਮਗਰੋਂ ਸਮਾਗਮ ’ਚ ਪੁੱਜੇ ਕਾਂਗਰਸੀ
ਕਾਂਗਰਸ ਪਾਰਟੀ ਵੱਲੋਂ ਮਿਸ਼ਨ-2027 ਤਹਿਤ ਜ਼ਿਲ੍ਹਾ ਪ੍ਰਧਾਨ ਬਣਾਉਣ ਲਈ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਦਿੱਲੀ ਤੋਂ ਆਏ ਆਬਜ਼ਰਵਰ ਅਨਿਲ ਚੌਧਰੀ ਸਾਹਮਣੇ ਆਪਸੀ ਏਕਤਾ ਵਿਖਾਉਣ ਵਿੱਚ ਮਾਨਸਾ ਦੇ ਕਾਂਗਰਸੀ ਆਗੂ ਫੇਲ੍ਹ ਨਜ਼ਰ ਆਏ। ਆਬਜ਼ਰਵਰ ਨੂੰ ਆਪੋ-ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਅੱਜ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਸ਼ਹਿਰ ਦੇ ਵੱਖ-ਵੱਖ ਮੈਰਿਜ ਪੈਲਿਸਾਂ ਵਿੱਚ ਤਿੰਨ ਮੀਟਿੰਗਾਂ ਰੱਖੀਆਂ। ਇਨ੍ਹਾਂ ਵੱਖ-ਵੱਖ ਮੀਟਿੰਗਾਂ ਨੂੰ ਹਟਾਉਣ ਲਈ ਜਦੋਂ ਸਭ ਦੇ ਯਤਨ ਫੇਲ੍ਹ ਹੋ ਗਏ ਤਾਂ ਆਬਜ਼ਰਵਰ ਨੇ ਘੁਰਕੀ ਦਿੰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਵੱਲੋਂ ਵਿਰਾਸਤ ਪੈਲੇਸ ’ਚ ਰੱਖੇ ਸਮਾਗਮ ਵਿੱਚ ਪਹੁੰਚਣ ਲਈ ਕਿਹਾ। ਆਬਜ਼ਰਵਰ ਦੇ ਹੁਕਮਾਂ ਤੋਂ ਬਾਅਦ ਸਾਰੇ ਕਾਂਗਰਸੀ ਨੇਤਾ ਉਥੇ ਆਪੋ-ਆਪਣੀ ਦਾਅਵੇਦਾਰੀ ਰੱਖਣ ਲਈ ਪੁੱਜੇ।
ਵੇਰਵਿਆਂ ਅਨੁਸਾਰ ਕਾਂਗਰਸ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਵੱਲੋਂ ਵਿਰਾਸਤ ਪੈਲਿਸ ਵਿੱਚ, ਅਮਰੀਕ ਸਿੰਘ ਢਿੱਲੋਂ, ਬਲਕੌਰ ਸਿੰਘ ਸਿੱਧੂ, ਬਲਵੀਰ ਸਿੰਘ ਦੰਦੀਵਾਲ ਆਦਿ ਵੱਲੋਂ ਇਕ ਪੈਲੇਸ ਵਿੱਚ ਅਤੇ ਬਿਕਰਮ ਸਿੰਘ ਮੋਫ਼ਰ ਧੜੇ ਵੱਲੋਂ ਹੋਟਲ ਵਿੱਚ ਅਜਿਹੀ ਮੀਟਿੰਗ ਰੱਖੀ ਗਈ। ਤਿੰਨ ਮੀਟਿੰਗਾਂ ਰੱਖਣ ਦਾ ਮਾਮਲਾ ਜਦੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਆਬਜ਼ਰਵਰ ਅਨਿਲ ਚੌਧਰੀ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਸਭ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਮਾਗਮ ਵਿੱਚ ਹੀ ਸਭ ਦੀ ਦਾਅਵੇਦਾਰੀ ਨੂੰ ਸੁਣਨਗੇ ਜਿਸ ਤੋਂ ਬਾਅਦ ਸਾਰੇ ਕਾਂਗਰਸੀ ਨੇਤਾਵਾਂ ਵੱਲੋਂ ਆਪਣੇ ਤੌਰ ’ਤੇ ਰੱਖਿਆ ਇਕੱਠ ਛੱਡ ਕੇ ਵਿਰਾਸਤ ਪੈਲਿਸ ਵਿੱਚ ਰੱਖੇ ਇਕੱਠ ਵਿੱਚ ਸ਼ਾਮਲ ਹੋਣਾ ਪਿਆ। ਜਿੱਥੇ ਆਬਜ਼ਰਵਰ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਤੋਂ ਜ਼ਿਲ੍ਹਾ ਪ੍ਰਧਾਨਗੀ ਲਈ ਉਨ੍ਹਾਂ ਦੀ ਰਾਇ ਲਈ। ਆਬਜ਼ਰਵਰ ਅਨਿਲ ਚੌਧਰੀ ਨੇ ਕਿਹਾ ਕਿ ਪਾਰਟੀ ਵੱਲੋਂ ਮਿਹਨਤੀ ਅਤੇ ਹਰ ਵਰਕਰ ਨੂੰ ਨਾਲ ਲੈ ਕੇ ਚੱਲਣ ਵਾਲੇ ਲੋਕਾਂ ਨਾਲ ਜੁੜੇ ਆਗੂ ਨੂੰ ਜ਼ਿਲ੍ਹਾ ਪ੍ਰਧਾਨ ਚੁਣਨ ਦੀ ਤਰਜ਼ੀਹ ਦੇਣਗੇ। ਉਨ੍ਹਾਂ ਕਿਹਾ ਕਿ ਉਹ ਤਿੰਨ ਦਿਨ ਪਾਰਟੀ ਦੇ ਆਗੂਆਂ ਦੀ ਰਾਇ ਲੈ ਕੇ ਪਾਰਟੀ ਹਾਈਕਮਾਂਡ ਨੂੰ ਇਸ ਤੋਂ ਜਾਣੂ ਕਰਵਾਉਣਗੇ। ਇਸ ਦੌਰਾਨ ਅਜ਼ਰਬਰ ਵੱਲੋਂ ਪਾਰਟੀ ਦੇ ਵਰਕਰਾਂ ਨਾਲ ਇਕੱਲੇ ਅਤੇ ਸਮੂਹ ਤੌਰ ’ਤੇ ਮੁਲਾਕਾਤ ਕੀਤੀ। ਉਨ੍ਹਾਂ ਨਾਲ ਨਿਗਰਾਨ ਅਵਤਾਰ ਸਿੰਘ ਬਰਾੜ, ਪਵਨ ਕੁਮਾਰ ਗੋਇਲ ਵੀ ਮੌਜੂਦ ਸਨ। ਇਸ ਮੌਕੇ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਬਲਕੌਰ ਸਿੰਘ ਮੂਸਾ, ਬਿਕਰਮ ਸਿੰਘ ਮੋਫ਼ਰ, ਡਾ.ਰਣਵੀਰ ਕੌਰ ਮੀਆਂ, ਸੱਤਪਾਲ ਸਿੰਘ ਮੂਲੇਵਾਲਾ, ਪ੍ਰਿਤਪਾਲ ਸਿੰਘ ਡਾਲੀ, ਬਲਵੀਰ ਸਿੰਘ ਦੰਦੀਵਾਲ, ਕੁਲਵੰਤ ਰਾਏ ਸਿੰਗਲਾ,ਅਮਰੀਕ ਸਿੰਘ ਝੁਨੀਰ, ਬਲਵਿੰਦਰ ਨਾਰੰਗ, ਡਾ. ਮਨਜੀਤ ਰਾਣਾ, ਬਲਜੀਤ ਸ਼ਰਮਾਂ, ਐਡਵੋਕੇਟ ਬਲਕਰਨ ਸਿੰਘ ਬੱਲੀ, ਹਰਬੰਸ ਸਿੰਘ ਖਿੱਪਲ, ਪਵਨ ਮੱਤੀ ਤੇ ਹੋਰ ਆਗੂ ਮੌਜੂਦ ਸਨ।