ਏਲਨਾਬਾਦ ਤੋਂ ਲਾਪਤਾ ਨਾਬਾਲਗ ਲੜਕਾ ਜੰਮੂ ਤੋਂ ਮਿਲਿਆ
ਲੰਘੀ 19 ਅਗਸਤ ਨੂੰ ਏਲਨਾਬਾਦ ਤੋਂ ਲਾਪਤਾ ਹੋਏ 14 ਸਾਲਾ ਨਾਬਾਲਗ ਲੜਕੇ ਨੂੰ ਸਥਾਨਕ ਪੁਲੀਸ ਨੇ ਥਾਣਾ ਇੰਚਾਰਜ ਪ੍ਰਗਟ ਸਿੰਘ ਦੀ ਯੋਗ ਅਗਵਾਈ ਹੇਠ ਜੰਮੂ ਤੋਂ ਬਰਾਮਦ ਕਰ ਕੇ ਅੱਜ ਪਰਿਵਾਰ ਦੇ ਹਵਾਲੇ ਕੀਤਾ। ਪਰਿਵਾਰ ਨੇ ਥਾਣਾ ਇੰਚਾਰਜ ਅਤੇ ਸਥਾਨਕ ਪੁਲੀਸ ਦਾ ਧੰਨਵਾਦ ਕੀਤਾ ਹੈ। ਥਾਣਾ ਇੰਚਾਰਜ ਪ੍ਰਗਟ ਸਿੰਘ ਨੇ ਦੱਸਿਆ ਕਿ 19 ਅਗਸਤ ਨੂੰ ਏਲਨਾਬਾਦ ਦੇ ਵਾਰਡ ਨੰਬਰ 4 ਦੇ ਰਹਿਣ ਵਾਲੇ ਅਜੈ ਗਰਗ ਦਾ 14 ਸਾਲਾ ਪੁੱਤਰ ਹਰਸ਼ਵਰਧਨ ਬਿਨਾਂ ਕਿਸੇ ਨੂੰ ਦੱਸੇ ਘਰੋਂ ਕਿਤੇ ਚਲਾ ਗਿਆ ਸੀ। ਜਦੋਂ ਪਰਿਵਾਰ ਨੇ ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਤਾਂ ਉਸੇ ਦਿਨ ਤੋਂ ਹੀ ਵੱਖ-ਵੱਖ ਪੁਲੀਸ ਟੀਮਾਂ ਬਣਾ ਕੇ ਹਰਸ਼ਵਰਧਨ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਲੜਕਾ ਪਿਛਲੇ ਸਾਲ ਵੀ ਕਿਸੇ ਨੂੰ ਦੱਸੇ ਬਿਨਾਂ ਘਰੋਂ ਚਲਾ ਗਿਆ ਸੀ। ਹੁਣ ਇਹ ਲੜਕਾ ਜੀਆਰਪੀ ਦੀ ਮਦਦ ਨਾਲ ਜੰਮੂ ਤੋਂ ਮਿਲਿਆ ਹੈ। ਅੱਜ ਉਸ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹਰਸ਼ਵਰਧਨ ਦੇ ਪਰਿਵਾਰ ਨੇ ਇਸ ਕਾਰਵਾਈ ਵਿੱਚ ਪੂਰਾ ਸਹਿਯੋਗ ਦੇਣ ਲਈ ਐਸਐਚਓ ਪ੍ਰਗਟ ਸਿੰਘ ਅਤੇ ਸਥਾਨਕ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।