ਲਾਪਤਾ ਲੜਕੀ: ਲੋਕਾਂ ਵੱਲੋਂ ਜੋਗਾ ਥਾਣੇ ਦੇ ਘਿਰਾਓ ਦਾ ਐਲਾਨ
ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਨੇ ਨਾਬਲਾਗ ਲੜਕੀ ਨੂੰ ਪੁਲੀਸ ਵੱਲੋਂ ਨਾ ਲੱਭਣ ਕਾਰਨ ਅੱਜ ਪਿੰਡ ਮਾਖਾ ਚਹਿਲਾਂ ਵਿੱਚ ਰੈਲੀ ਕਰ ਕੇ 25 ਜੁਲਾਈ ਨੂੰ ਮੁੜ ਥਾਣਾ ਜੋਗਾ ਦੇ ਘਿਰਾਓ ਦਾ ਐਲਾਨ ਕੀਤਾ ਗਿਆ। ਇਹ ਐਲਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਵੱਲੋਂ ਕੀਤਾ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ 11 ਜੁਲਾਈ ਨੂੰ ਨਾਬਾਲਗ ਲੜਕੀ ਨੂੰ ਪਿੰਡ ਮੱਲ ਸਿੰਘ ਵਾਲਾ ਦਾ ਲੜਕਾ ਲੈ ਗਿਆ ਸੀ ਪਰ ਉਦੋਂ ਤੋਂ ਹੀ ਪੀੜਤ ਪਰਿਵਾਰ ਇਨਸਾਫ਼ ਦੀ ਮੰਗ ਨੂੰ ਲੈ ਕੇ ਪੁਲੀਸ ਕੋਲ ਗੇੜੇ ਮਾਰ-ਮਾਰ ਕੇ ਅੱਕ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਕਿ ਇਸ ਤੋਂ ਪਹਿਲਾਂ 17 ਜੁਲਾਈ ਨੂੰ ਥਾਣਾ ਜੋਗਾ ਅੱਗੇ ਧਰਨਾ ਦਿੱਤਾ ਗਿਆ ਸੀ ਪਰ ਪੁਲੀਸ ਨੇ ਮਸਲੇ ਨੂੰ ਅਣਗੌਲਿਆ ਕਰ ਦਿੱਤਾ ਹੈ। ਉਨ੍ਹਾਂ ਪੁਲੀਸ ਨੂੰ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਤੱਕ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਜਥੇਬੰਦੀ ਦੇ ਆਗੂ ਜੀਤ ਸਿੰਘ ਧਲੇਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੋਟਾਂ ਵੇਲੇ ਲੋਕਾਂ ਵਿੱਚ ਜਾ ਕੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦਾ ਨਾਅਰਾ ਦਿੱਤਾ ਸੀ ਪਰ ਸੱਥਾਂ ਵਿੱਚ ਡਰਾਮੇ ਕਰਨ ਵਾਲੀ ਸਰਕਾਰ ਨੇ ਪੰਜਾਬ ਦੇ ਹੱਕ ਦੀ ਗੱਲ ਨਹੀਂ ਕੀਤੀ ਹੈ। ਇਸ ਮੌਕੇ ਰਾਜ ਸਿੰਘ ਅਲੀਸ਼ੇਰ, ਰਾਜ ਸਿੰਘ ਅਕਲੀਆ, ਪੱਪੀ ਸਿੰਘ ਮਾਖਾ, ਗੁਰਮੀਤ ਸਿੰਘ, ਚਰਨਜੀਤ ਸਿੰਘ ਮਾਖਾ, ਅਮਰੀਕ ਸਿੰਘ ਮਾਖਾ, ਹਰਜਿੰਦਰ ਸਿੰਘ ਅਨੂਪਗੜ੍ਹ ਵੀ ਮੌਜੂਦ ਸਨ।