ਹੜ੍ਹ ਪੀੜਤਾਂ ਲਈ ਦੁਬਈ ਤੋਂ ਕਿਸ਼ਤੀਆਂ ਲਿਆਈ ਮੀਰਾ
ਪੰਜਾਬ ਅੰਦਰ ਆਏ ਹੜ੍ਹਾਂ ਨਾਲ ਜਿੱਥੇ ਬਹੁਤ ਡੂੰਘੇ ਦਰਦ ਦਿੱਤੇ ਹਨ, ਉੱਥੇ ਭਾਈਚਾਰਕ ਸਾਝਾਂ ਵੀ ਹੋਰ ਪਕੇਰੀਆਂ ਕੀਤੀਆਂ ਹਨ। ਇੱਥੇ ਹੜ੍ਹਾਂ ਵਿੱਚ ਫਸੇ ਲੋਕਾਂ ਵਾਸਤੇ ਕਿਸ਼ਤੀਆਂ ਅਤੇ ਹੋਰ ਘਰੇਲੂ ਰਾਹਤ ਸਮੱਗਰੀ ਲੈ ਕੇ ਪੁੱਜੀ ਮੀਰਾ ਬਨੀ ਖੇਤ (ਡਲਹੌਜ਼ੀ) ਹਿਮਾਚਲ ਪ੍ਰਦੇਸ਼ ਵਿੱਚ ‘ਮੀਰਾ ਮੈਡੀਟੇਸ਼ਨ ਐਂਡ ਵੈੱਲਨੈੱਸ ਸੈਂਟਰ’ ਚਲਾਉਂਦੀ ਹੈ। ਉਸ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਆਏ ਹੜ੍ਹਾਂ ਸਬੰਧੀ ਉਸ ਨੇ ਖ਼ਬਰਾਂ ਵਿੱਚ ਸੁਣਿਆ ਤਾਂ ਉਸ ਤੋਂ ਉਨ੍ਹਾਂ ਦਾ ਦਰਦ ਦੇਖਿਆ ਨਹੀਂ ਗਿਆ।
ਉਸ ਨੇ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀ। ਉਸ ਨੂੰ ਭਾਰਤ ਵਿੱਚੋਂ ਕਿਸ਼ਤੀਆਂ ਜਲਦੀ ਨਹੀਂ ਮਿਲ ਰਹੀਆਂ ਸਨ ਤਾਂ ਉਹ ਅੰਮ੍ਰਿਤਸਰ ਪੁੱਜੀ, ਜਿੱਥੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰ ਕੇ ਉਹ ਦੁਬਈ ਚਲੀ ਗਈ। ਉਹ ਉੱਥੋਂ ਇੱਕ ਦਿਨ ਵਿੱਚ ਦੋ ਕਿਸ਼ਤੀਆਂ ਖ਼ਰੀਦ ਕੇ ਲਿਆਈ ਅਤੇ ਮੁਹਾਲੀ ਦੇ ਗੁਰਬੀਰ ਸੰਧੂ ਦੇ ਕਹਿਣ ’ਤੇ ਗਾਮਾ ਸਿੱਧੂ ਅਤੇ ਅਵਤਾਰ ਭੁੱਲਰ ਨਾਲ ਸੰਪਰਕ ਕੀਤਾ। ਗਾਮਾ ਸਿੱਧੂ ਅਤੇ ਅਵਤਾਰ ਭੁੱਲਰ ਦੇ ਕਹਿਣ ਤੇ ਮੀਰਾ ਨੇ ਫਿਰੋਜ਼ਪੁਰ ਦੇ ਪਿੰਡ ਹਾਮਦ ਚੱਕ ਵਿੱਚ ਪੁੱਜ ਕੇ ਕਿਸ਼ਤੀਆਂ ਗਾਇਕ ਇੰਦਰਜੀਤ ਨਿੱਕੂ ਤੇ ਖਾਲਸਾ ਏਡ ਦੀ ਟੀਮ ਦੇ ਹਵਾਲੇ ਕਰ ਦਿੱਤੀਆਂ। ਉਸ ਨੇ ਕਿਹਾ ਕਿ ਉਹ ਭੈਣਾਂ ਅਤੇ ਬੱਚਿਆਂ ਲਈ ਵੀ ਜ਼ਰੂਰੀ ਸਾਮਾਨ ਲੈ ਕੇ ਆਈ ਹੈ। ਮੀਰਾ ਇਸ ਤੋਂ ਇਲਾਵਾ ਦਵਾਈਆਂ ਵੀ ਲਿਆਈ ਜੋ ਲੋੜਵੰਦ ਲੋਕਾਂ ਨੂੰ ਦਿੱਤੀਆਂ ਗਈਆਂ ਹਨ। ਮੀਰਾ ਨੇ ਕਿਹਾ ਕਿ ਇੰਦਰਜੀਤ ਨਿੱਕੂ ਹੋਰੀਂ ਦੀ ਟੀਮ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਲੱਗੀ ਹੋਈ ਹੈੈ। ਇਸ ਮੌਕੇ ਗਾਇਕ ਇੰਦਰਜੀਤ ਨਿੱਕੂ, ਯੁੱਧਵੀਰ ਮਾਣਕ, ਗਾਮਾ ਸਿੱਧੂ, ਅਵਤਾਰ ਭੁੱਲਰ, ਅਦਾਕਾਰਾ ਅਰਵਿੰਦਰ ਕੌਰ, ਪ੍ਰਭਜੋਤ ਸਿੰਘ , ਪ੍ਰਿੰਸ ਖਾਲਸਾ ਖਲਚੀਆਂ, ਹਰਸ਼ ਅਰੋੜਾ, ਆਰੀਅਨ, ਧਰਮਿੰਦਰ ਚੰਡੀਗੜ੍ਹ, ਰਮਨਦੀਪ ਕੌਰ, ਅਮਨਦੀਪ ਕੌਰ, ਦਲਜੀਤ ਸਿੰਘ ਮਹਾਲਮ, ਮੁੱਖਾ ਵਿਰਕ, ਅਮਨ ਬੋਪਾਰਾਏ ਤੇ ਰਿਸ਼ੀ ਰਾਹੀ ਹਾਜ਼ਰ ਸਨ।