ਸ਼ੈਲਰ ਮਾਲਕ ਵੱਲੋਂ ਨਾਬਾਲਗ ਨਾਲ ਜਬਰ-ਜਨਾਹ
ਇਥੇ ਸ਼ਹਿਰ ’ਚ ਇਕ ਸ਼ੈਲਰ ਮਾਲਕ ਵੱਲੋਂ ਨਾਬਾਲਗ ਲੜਕੀ ਨਾਲ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਮਾਮਲੇ ’ਚ ਪੀੜਤ ਲੜਕੀ ਦੇ ਪਿਤਾ ਦੇ ਬਿਆਨਾਂ ’ਤੇ ਦੋ ਔਰਤਾਂ ਸਣੇ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੀੜਤ ਲੜਕੀ ਦੇ ਪਿਤਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਬੇਟੀ ਨੂੰ ਗੁਆਂਢ ਵਿੱਚ ਰਹਿੰਦੀ ਔਰਤ ਨੇ ਕੁਝ ਦਿਨ ਪਹਿਲਾਂ ਮਹਿੰਦੀ ਲਗਵਾਉਣ ਦੇ ਬਹਾਨੇ ਆਪਣੇ ਘਰ ਬੁਲਾਇਆ ਸੀ, ਜਿੱਥੇ ਸ਼ੈਲਰ ਮਾਲਕ ਵੱਲੋਂ ਲੜਕੀ ਨਾਲ ਜਬਰਦਸਤੀ ਕੀਤੀ ਗਈ। ਉਸ ਤੋਂ ਬਾਅਦ ਲੜਕੀ ਨੂੰ ਧਮਕੀਆਂ ਦਿੰਦੇ ਰਹੇ ਕਿ ਜੇ ਉਸ ਨੇ ਕਿਸੇ ਕੋਲ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦੇਣਗੇ। ਉਨ੍ਹਾਂ ਮੁਲਜ਼ਮਾਂ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ।
ਇਸੇ ਦੌਰਾਨ ਕਿਸਾਨ ਆਗੂ ਇਕਬਾਲ ਸਿੰਘ ਫਫੜੇ ਭਾਈਕੇ ਅਤੇ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੀੜਤ ਲੜਕੀ ਦਾ ਪਿਤਾ ਇੱਕ ਹਫ਼ਤੇ ਤੋਂ ਥਾਣੇ ਦੇ ਚੱਕਰ ਕੱਢ ਰਿਹਾ ਸੀ, ਪ੍ਰੰਤੂ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਕਿਸਾਨ ਜਥੇਬੰਦੀ ਦੇ ਦਬਾਅ ਤੋਂ ਬਾਅਦ ਪੁਲੀਸ ਨੇ ਬੀਤੇ ਦਿਨ ਹਸਪਤਾਲ ਵਿੱਚ ਲੜਕੀ ਦਾ ਮੈਡੀਕਲ ਕਰਵਾਇਆ, ਜਿਸ ਬਾਅਦ ਹੁਣ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸਿਟੀ-2 ਮਾਨਸਾ ਦੇ ਇੰਚਾਰਜ ਬਲਵੀਰ ਸਿੰਘ ਨੇ ਪੀੜਤ ਦੇ ਬਿਆਨਾਂ ਦੇ ਅਧਾਰ ’ਤੇ ਸ਼ੈਲਰ ਮਾਲਕ ਭੀਮ ਸੈਨ, ਮਨਦੀਪ ਸਿੰਘ ਬੱਬੂ ਵਾਸੀ ਮੋਗਾ ਹਾਲ ਆਬਾਦ ਜਵਾਹਰਕੇ, ਅਮਨਦੀਪ ਸਿੰਘ ਅਮਨਾ ਵਾਸੀ ਮਾਨਸਾ ਤੋਂ ਇਲਾਵਾ ਦੋ ਔਰਤਾਂ ਵੀਨਾ ਰਾਣੀ, ਰਿਤੂ ਰਾਣੀ ਵਾਸੀ ਮਾਨਸਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ। ਪੀੜਤਾ ਅੱਠਵੀ ਕਲਾਸ ਦੀ ਵਿਦਿਆਰਥਣ ਹੈ ਤੇ ਮਜ਼ਦੂਰ ਪਰਿਵਾਰ ਦੀ ਧੀ ਹੈ।