ਮੰਤਰੀ ਵੱਲੋਂ 14 ਕਰੋੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਅੱਜ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਮਲੋਟ ਹਲਕੇ ਦੇ ਪਿੰਡ ਭਗਵਾਨਪੁਰਾ ਵਿੱਚ 11 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਮਲੋਟ ਸ਼ਹਿਰ ਦੇ ਗੁਰੂ ਰਵੀਦਾਸ ਨਗਰ ਵਿੱਚ ਵੀ 3 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਸੁਧਾਰ ਲਈ ਕੀਤੇ ਜਾਣ ਵਾਲੇ ਕੰਮਾਂ ਦੇ ਨੀਂਹ ਪੱਥਰ ਰੱਖੇ ਗਏ। ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਅੱਜ ਮਲੋਟ ਸ਼ਹਿਰ ਵਿੱਚ ਸੀਵਰੇਜ ਸਬੰਧੀ ਵੱਡੇ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ ਹਨ। ਭਗਵਾਨਪੁਰਾ ਵਿੱਚ ਇਹ ਸੀਵਰੇਜ ਟਰੀਟਮੈਂਟ ਪਲਾਂਟ 18 ਮਹੀਨਿਆਂ ਵਿੱਚ ਬਣ ਕੇ ਮੁਕੰਮਲ ਹੋ ਜਾਵੇਗਾ। ਇਸ ਦੇ ਮੁਕੰਮਲ ਹੋਣ ਨਾਲ 200 ਏਕੜ ਦੇ ਕਰੀਬ ਸਿੰਜਾਈ ਲਈ ਪਾਣੀ ਸੋਧ ਕੇ ਮਿਲੇਗਾ ਅਤੇ ਇਸ ਦੀ ਸਮਰੱਥਾ ਅਨੁਸਾਰ 100 ਲੱਖ ਲਿਟਰ ਪਾਣੀ ਨੂੰ ਰੋਜ਼ਾਨਾ ਸੋਧਿਆ ਜਾਵੇਗਾ। ਗੁਰੂ ਰਵੀਦਾਸ ਨਗਰ ਵਿੱਚ ਸੀਵਰੇਜ ਸੁਧਾਰ ਲਈ ਕੰਮਾਂ ਦੇ ਨੀਂਹ ਪੱਥਰ ਰੱਖਣ ਮੌਕੇ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਕੰਮ ਅਧੀਨ 6 ਕਿਲੋਮੀਟਰ ਦੇ ਏਰੀਆ ਕਵਰ ਕੀਤਾ ਜਾਣਾ ਹੈ। ਇਸ ਕੰਮ ਦੇ ਮੁਕੰਮਲ ਹੋਣ ਨਾਲ ਇਸ ਖੇਤਰ ਦੇ ਲੋਕਾਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਮਲੋਟ ਵਾਸੀਆਂ ਲਈ ਪੀਣ ਵਾਲੇ ਸਾਫ ਪਾਣੀ ਦੇ ਕੰਮ ਨੂੰ ਵੀ ਜਲਦ ਹੀ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਇਸ ਕੰਮ ਲਈ 25 ਕਰੋੜ ਰੁਪਏ ਖਰਚ ਕੀਤੇ ਜਾਣਗੇ, ਜਿਸ ਨਾਲ ਪੀਣ ਵਾਲਾ ਪਾਣੀ ਨੂੰ ਸਾਫ਼ ਕਰਨ ਲਈ ਪਾਣੀ ਦੀਆਂ ਨਵੀਆਂ ਪਾਈਪਾਂ ਪਾਈਆਂ ਜਾਣਗੀਆਂ। ਇਸ ਨਾਲ ਟੀ.ਡੀ.ਐੱਸ. ਦਾ ਸੁਧਾਰ ਹੋਵੇਗਾ ਅਤੇ ਸ਼ਹਿਰ ਵਾਸੀਆਂ ਦੀ ਮੰਗ ਸੀ ਕਿ ਨਹਿਰ ’ਤੇ ਬੋਰ ਕਰਕੇ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇ, ਉਹ ਵੀ ਇਸ ਪ੍ਰਾਜੈਕਟ ਵਿੱਚ ਸ਼ਾਮਲ ਹੈ।