ਮਾਨਸਾ ’ਚ ਮਨਰੇਗਾ ਕਾਮਿਆਂ ਦਾ ਸੰਘਰਸ਼ ਜਾਰੀ
ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵੱਲੋਂ ਮਨਰੇਗਾ ਦੇ ਬੰਦ ਕੀਤੇ ਕੰਮਾਂ ਨੂੰ ਬਹਾਲ ਕਰਵਾਉਣ ਲਈ ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਚੱਲ ਰਿਹਾ ਪੱਕਾ ਮੋਰਚਾ ਅੱਜ 12ਵੇਂ ਦਿਨ ਵੀ ਜਾਰੀ ਰਿਹਾ। ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਮਜ਼ਦੂਰਾਂ ਦੇ ਡਿੱਗ ਰਹੇ ਘਰਾਂ, ਕਿਸਾਨਾਂ ਦੀ ਫ਼ਸਲ ਦਾ ਤੁਰੰਤ ਯੋਗ ਮੁਆਵਜ਼ਾ ਦਿੱਤਾ ਜਾਵੇ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਪੂਰਾ ਪੰਜਾਬ ਹੜ੍ਹ ਦੀ ਲਪੇਟ ਵਿੱਚ ਡੁੱਬ ਰਿਹਾ ਹੈ ਅਤੇ ਮੁੱਖ ਮੰਤਰੀ ਚੇਨੱਈ ਇਟਲੀ-ਡੋਸੇ ਦਾ ਸੁਆਦ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਦੀ ਫ਼ਿਕਰ ਕਰਨ ਦੀ ਥਾਂ ਤਾਮਿਲਨਾਡੂ ਨਾਸ਼ਤਾ ਯੋਜਨਾ ਦਾ ਪ੍ਰਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਮਜ਼ਦੂਰ ਭਲਾਈ ਦੇ ਨਾਮ ’ਤੇ ਕੈਂਪ ਲਗਵਾਉਣ ਵਾਲੀ ਭਾਜਪਾ ਦੇਸ਼ ਦੇ ਮਜ਼ਦੂਰਾਂ ਤੋਂ ਮਨਰੇਗਾ ਦਾ ਰੁਜ਼ਗਾਰ ਖੋਹ ਰਹੀ ਹੈ, ਜਦੋਂ ਕਿ ’ਆਪ’ ਸਰਕਾਰ ਵੱਲੋਂ ਭਾਜਪਾ ਆਗੂਆਂ ਨੂੰ ਗ੍ਰਿਫ਼ਤਾਰ ਕਰਨਾ ਸਿਰਫ਼ ਆਪ ਤੇ ਭਾਜਪਾ ਦੀ ਰਿਲੀ-ਮਿਲੀ ਭੁਗਤ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ 12 ਦਿਨਾਂ ਤੋਂ ਧਰਨੇ ਉਤੇ ਬੈਠੇ ਹੋਏ ਹਨ, ਪ੍ਰੰਤੂ ਅੱਜ ਤੱਕ ਕਿਸੇ ਅਧਿਕਾਰੀ ਨੇ ਸਾਰ ਨਹੀਂ ਲਈ ਹੈ।