ਗੁਰੂ ਤੇਗ ਬਹਾਦਰ ਬਾਰੇ ਸੈਮੀਨਾਰ ਦੀ ਤਿਆਰੀ ਸਬੰਧੀ ਮੀਟਿੰਗ
ਸ੍ਰੀ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਸਰਕਾਰੀ ਨੈਸ਼ਨਲ ਕਾਲਜ ਦੇ ਮਲਟੀਪਰਪਜ਼ ਹਾਲ ਵਿੱਚ 4 ਅਤੇ 5 ਅਕਤੂਬਰ ਨੂੰ ਹੋਣ ਵਾਲੇ ‘ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਬਦ ਅਤੇ ਸ਼ਹਾਦਤ’ ਵਿਸ਼ੇ ’ਤੇ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਦੀ ਤਿਆਰੀ ਲਈ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਹੋਈ। ਇਸ ਦੀ ਪ੍ਰਧਾਨਗੀ ਸੀਨੀਅਰ ਸਮਾਜ ਸੇਵਕ ਇੰਜੀਨੀਅਰ ਰਾਜਪਾਲ ਸਿੰਘ, ਪੰਜਾਬੀ ਲੇਖਕ ਸਭਾ, ਸਿਰਸਾ ਦੇ ਪ੍ਰਧਾਨ ਪਰਮਾਨੰਦ ਸ਼ਾਸਤਰੀ ਅਤੇ ਸੈਮੀਨਾਰ ਕੋਆਰਡੀਨੇਟਰ ਡਾ. ਹਰਵਿੰਦਰ ਸਿੰਘ ਸਿਰਸਾ ਨੇ ਸਾਂਝੇ ਤੌਰ ’ਤੇ ਕੀਤੀ। ਮੀਟਿੰਗ ਵਿੱਚ ਸੈਮੀਨਾਰ ਦੇ ਸਫਲ ਬਣਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ।
ਕੋਆਰਡੀਨੇਟਰ ਡਾ. ਹਰਵਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਸਰਪ੍ਰਸਤੀ ਹੇਠ ਇਹ ਦੋ ਰੋਜ਼ਾ ਸੈਮੀਨਾਰ ਪੰਜਾਬੀ ਲੇਖਕ ਸਭਾ, ਸਿਰਸਾ ਅਤੇ ਸਰਕਾਰੀ ਨੈਸ਼ਨਲ ਕਾਲਜ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। 4 ਅਕਤੂਬਰ ਨੂੰ ਸਵੇਰੇ ਸ਼ੁਰੂ ਹੋਣ ਵਾਲੇ ਉਦਘਾਟਨੀ ਸੈਸ਼ਨ ਵਿੱਚ ਉੱਘੇ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਮੁੱਖ ਭਾਸ਼ਣ ਦੇਣਗੇ। ਪ੍ਰਸਿੱਧ ਸਿਨੇਮੈਟੋਗ੍ਰਾਫਰ, ਨਿਰਦੇਸ਼ਕ ਅਤੇ ਨਿਰਮਾਤਾ ਮਨਮੋਹਨ ਸਿੰਘ ਮੁੱਖ ਮਹਿਮਾਨ ਹੋਣਗੇ, ਅਤੇ ਸੈਸ਼ਨ ਦੀ ਪ੍ਰਧਾਨਗੀ ਪ੍ਰਸਿੱਧ ਲੇਖਕ, ਚਿੰਤਕ ਅਤੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਡਾ. ਸਵਰਾਜਬੀਰ ਕਰਨਗੇ। ਦੂਜੇ ਸੈਸ਼ਨ ਵਿੱਚ, ਕੁਰੂਕਸ਼ੇਤਰ ਦੇ ਡਾ. ਕੁਲਦੀਪ ਸਿੰਘ ‘ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਸ਼ਨ ਅਤੇ ਦ੍ਰਿਸ਼ਟੀ’ ’ਤੇ ਪੇਪਰ ਪੇਸ਼ ਕਰਨਗੇ ਅਤੇ ਦਿੱਲੀ ਦੀ ਡਾ. ਗੁਰਪ੍ਰੀਤ ਕੌਰ ‘ਗੁਰੂ ਤੇਗ ਬਹਾਦਰ ਜੀ ਦੀ ਬਾਣੀ’ ’ਤੇ ਪੇਪਰ ਪੇਸ਼ ਕਰਨਗੇ।