ਕਿਰਨਜੀਤ ਕੌਰ ਦੀ ਬਰਸੀ ਸਬੰਧੀ ਠੀਕਰੀਵਾਲਾ ’ਚ ਮੀਟਿੰਗ
ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੇ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿੱਚ ਮਨਾਏ ਜਾ ਰਹੇ 28ਵੇਂ ਬਰਸੀ ਸਮਾਗਮ ਦੀਆਂ ਯਾਦਗਾਰ ਕਮੇਟੀ ਦੀ ਅਗਵਾਈ ਵਿੱਚ ਪਿੰਡ ਠੀਕਰੀਵਾਲਾ ਵਿੱਚ ਮਜ਼ਦੂਰ-ਕਿਸਾਨਾਂ ਦੀ ਸਾਂਝੀ ਮੀਟਿੰਗ ਕੀਤੀ ਗਈ। ਹਰਭੋਲ ਸਿੰਘ, ਕੁਲਵਿੰਦਰ ਸਿੰਘ ਅਤੇ ਯਾਦਵਿੰਦਰ ਠੀਕਰੀਵਾਲ ਦੇ ਉਪਰਾਲੇ ਸਦਕਾ ਹੋਈ ਮੀਟਿੰਗ ਵਿੱਚ ਯਾਦਗਾਰ ਕਮੇਟੀ ਦੇ ਆਗੂ ਨਰਾਇਣ ਦੱਤ, ਸੁਖਵਿੰਦਰ ਠੀਕਰੀਵਾਲਾ ਅਤੇ ਡਾ. ਰਜਿੰਦਰ ਪਾਲ ਨੇ ਕਿਹਾ ਕਿ ਲੰਬਾ ਅਰਸਾ ਬੀਤ ਜਾਣ ਬਾਅਦ ਵੀ ਇਹ ਸੰਘਰਸ਼ੀ ਘੋਲ ਲੋਕਾਂ ਦੇ ਸਰੋਕਾਰਾਂ ਨਾਲ ਅਹਿਮ ਘਟਨਾਵਾਂ ਦੀ ਮਹੱਤਤਾ ਬਰਕਰਾਰ ਰਹਿੰਦੀ ਹੈ। ਮਹਿਲ ਕਲਾਂ ਲੋਕ ਘੋਲ ਦੀ 28 ਸਾਲ ਬਾਅਦ ਵੀ ਮਹੱਤਤਾ ਘਟੀ ਨਹੀਂ ਸਗੋਂ ਮੌਜੂਦਾ ਦੌਰ ਸਮੇਂ ਵਧ ਰਹੀਆਂ ਚੁਣੌਤੀਆਂ ਕਾਰਨ ਪਹਿਲਾਂ ਨਾਲੋਂ ਕਿਤੇ ਵਧਕੇ ਅਜਿਹੇ ਲੋਕ ਘੋਲਾਂ ਦੀ ਮਹੱਤਤਾ ਹੈ। ਕਿਉਂਕਿ ਅੱਜ ਵੀ ਔਰਤਾਂ ਵਿਰੁੱਧ ਵਧ ਰਿਹਾ ਜ਼ਬਰ-ਜੁਲਮ, ਵਧ ਰਹੀ ਗੈਰ ਬਰਾਬਰੀ, ਨਸ਼ਿਆਂ ਦਾ ਸੰਕਟ, ਬੇਰੁਜ਼ਗਾਰੀ, ਲੈਂਡ ਪੂਲਿੰਗ ਪਾਲਿਸੀ, ਵਾਤਾਵਰਨ ਦਾ ਸੰਕਟ, ਪ੍ਰਮਾਣੂ ਜ਼ੰਗ ਦਾ ਖ਼ਤਰਾ, ਮੋਦੀ ਹਕੂਮਤ ਦਾ ਫ਼ਿਰਕੂ ਫਾਸ਼ੀ ਹੱਲਾ ਅਤੇ ਸਰਕਾਰਾਂ ਦੇ ਲੋਕਾਂ ’ਤੇ ਜ਼ਬਰ ਅਜਿਹੇ ਮਸਲੇ ਚਿੰਤਾ ਦਾ ਵਿਸ਼ਾ ਹਨ, ਜਿਨ੍ਹਾਂ ਖਿਲਾਫ਼ ‘ਵਿਸ਼ਾਲ ਜਨ ਅਧਾਰ ਵਾਲੀ ਲੋਕ ਟਾਕਰੇ ਦੀ ਲਹਿਰ’ ਦੀ ਉਸਾਰੀ ਕਰਨ ਦੀ ਲੋੜ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਬਰਸੀ ਸਮਾਗਮ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ।