ਨਿਹੰਗਾਂ ਵੱਲੋਂ ਮੈਡੀਕਲ ਸਟੋਰ ਮਾਲਕ ਦੀ ਕੁੱਟਮਾਰ
ਇਥੇ ਨਿਹੰਗ ਸਿੰਘਾਂ ਵੱਲੋਂ ਮੈਡੀਕਲ ਸਟੋਰ ਮਾਲਕ ਦੀ ਨਸ਼ੇ ਦੇ ਰੂਪ ਵਿਚ ਦਵਾਈਆਂ ਵੇਚਣ ਦੇ ਦੋਸ਼ ਹੇਠ ਬੇਰਹਿਮੀ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਹੈ। ਸਿਟੀ ਪੁਲੀਸ ਨੇ ਮੈਡੀਕਲ ਸਟੋਰ ਮਾਲਕ ਖ਼ਿਲਾਫ਼ ਕੇਸ ਦਰਜ ਕਰਕੇ ਦੁਕਾਨ ਸੀਲ ਕਰ ਦਿੱਤੀ ਹੈ। ਦੂਜੇ ਪਾਸੇ ਨਿਹੰਗ ਸਿੰਘਾਂ ਖ਼ਿਲਾਫ਼ ਕੇਸ ਦਰਜ ਕਰ ਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀ ਐੱਸ ਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਉੱਤੇ ਮੈਡੀਕਲ ਸਟੋਰ ਉੱਤੇ ਨਸ਼ੀਲੀਆਂ ਦਵਾਈਆਂ ਵੇਚਣ ਦੀ ਵੀਡੀਓ ਵਾਇਰਲ ਹੋਈ ਸੀ। ਇਸ ਦੌਰਾਨ ਨਿਹੰਗ ਬਾਣੇ ਵਿਚ ਦੋ ਵਿਅਕਤੀਆਂ ਵੱਲੋਂ ਮੈਡੀਕਲ ਸਟੋਰ ਮਾਲਕ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲੀਸ ਅਤੇ ਸਿਹਤ ਵਿਭਾਗ ਦੀ ਟੀਮ ਮੈਡੀਕਲ ਸਟੋਰ ਦੀ ਜਾਂਚ ਲਈ ਮੌਕੇ ਉੱਤੇ ਪੁੱਜੀ ਤਾਂ ਸਟੋਰ ਬੰਦ ਸੀ। ਉਸਦੇ ਮਾਲਕ ਨਾਲ ਟੀਮ ਨੇ ਸੰਪਰਕ ਕੀਤਾ ਪਰ ਉਸਨੇ ਕਿਹਾ ਕਿ ਉਹ ਬਾਹਰ ਹੈ। ਇਸ ਮਗਰੋਂ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਸਟੋਰ ਮਾਲਕ ਦੀ ਸ਼ਿਕਾਇਤ ’ਤੇ ਦੋ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਨਸ਼ੇ ਨਾਲ ਸਬੰਧਤ ਕੋਈ ਜਾਣਕਾਰੀ ਜਾਂ ਗਤੀਵਿਧੀ ਧਿਆਨ ਵਿਚ ਆਉਂਦੀ ਹੈ ਤਾਂ ਫੌਰੀ 112 ਹੈਲਪਲਾਈਨ ਜਾਂ ਸੇਫ ਪੰਜਾਬ ਹੈਲਪਲਾਈਨ 97791-00200 ਉੱਤੇ ਜਾਣਕਾਰੀ ਸਾਂਝੀ ਕੀਤੀ ਜਾਵੇ।
