ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਅਮਨ ਅਰੋੜਾ ਦੇ ਘਰ ਅੱਗੇ ਧਰਨੇ ਦਾ ਐਲਾਨ
ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਅਣਗੌਲਿਆ ਕਰਨ ’ਤੇ ਖੱਬੇਪੱਖੀ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਨੇ 4 ਅਗਸਤ ਨੂੰ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਜਥੇਬੰਦੀ ਦੀ ਮਾਨਸਾ ਜ਼ਿਲ੍ਹਾ ਇਕਾਈ ਵੱਲੋਂ ਇਸ ਧਰਨੇ ਨੂੰ ਲੈ ਕੇ ਅੱਜ ਪਿੰਡ ਹੀਰੇਵਾਲਾ ਵਿਚ ਜਨਤਕ ਮੀਟਿੰਗ ਦੌਰਾਨ ਲਾਮਬੰਦੀ ਕੀਤੀ ਗਈ।
ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਬਲਵਿੰਦਰ ਸਿੰਘ ਘਰਾਂਗਣਾ, ਕਾਮਰੇਡ ਗੁਰਸੇਵਕ ਮਾਨ ਬੀਬੜੀਆਂ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਲੋੜਵੰਦ ਲੋਕਾਂ ਦੀਆਂ ਵੋਟਾਂ ਬਟੋਰਨ ਲਈ ਲਾਰੇ ਲਾਏ ਗਏ, ਪਰ ਸੱਤਾ ’ਤੇ ਕਾਬਜ਼ ਹੁੰਦਿਆਂ ਉਨ੍ਹਾਂ ਨੂੰ ਸਰਕਾਰਾਂ ਵਲੋਂ ਅੱਖੋਂ-ਪਰੋਖੇ ਕਰ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਹਕੂਮਤ ਕਹਵਾਉਣ ਵਾਲੀ ਭਗਵੰਤ ਮਾਨ ਸਰਕਾਰ ਨੇ ਵੀ ਉਨ੍ਹਾਂ ਦੀ ਸਾਢੇ ਤਿੰਨ ਸਾਲਾਂ ਬਾਅਦ ਵੀ ਸਾਰ ਨਹੀਂ ਲਈ ਹੈ। ਆਗੂਆਂ ਨੇ ਕਿਹਾ ਪੱਬੇ ਪੱਖੀ ਪਾਰਟੀਆਂ ਨੇ ਗਰੀਬ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਕੇਂਦਰ ਦੀ ਮਨਮੋਹਨ ਸਰਕਾਰ ਤੋਂ ਮਨਰੇਗਾ ਕਾਨੂੰਨ ਬਣਵਾਇਆ ਤੇ ਗਰੀਬਾਂ ਨੂੰ ਸੌਂ ਦਿਨ ਦਾ ਪੱਕਾ ਰੁਜ਼ਗਾਰ ਦਿਵਾਇਆ ਤੇ ਭਗਵੰਤ ਮਾਨ ਸਰਕਾਰ ਨੇ ਇਸ ਮਨਰੇਗਾ ਨੂੰ ਖਤਮ ਕਰਕੇ ਠੇਕੇਦਾਰੀ ਸਿਸਟਮ ਵਿੱਚ ਬਦਲ ਦਿੱਤਾ।