ਮਜ਼ਦੂਰ ਮੁਕਤੀ ਮੋਰਚਾ ਵੱਲੋਂ ‘ਆਪ’ ਤੇ ਭਾਜਪਾ ਦੇ ਬਾਈਕਾਟ ਦਾ ਐਲਾਨ
ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਪੰਜਾਬ ਤੇ ਭੀਮ ਆਰਮੀ ਵੱਲੋਂ ਇਥੇ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਮਨਰੇਗਾ ਮਜ਼ਦੂਰਾਂ ਦੀਆਂ ਸਬੰਧੀ ਰੈਲੀ ਕੀਤੀ ਗਈ। ਇਸ ਦੌਰਾਨ ਮਤਾ ਪਾਸ ਕਰਕੇ ਮੰਚ ਤੋਂ ਐਲਾਨ ਕੀਤਾ ਗਿਆ ਕਿ ਮਨਰੇਗਾ ਰੁਜ਼ਗਾਰ ਖੋਹਣ ਵਾਲੀ ਪੰਜਾਬ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਅਤੇ ਕੇਂਦਰ ਦੀ ਹੁਕਮਰਾਨ ਭਾਜਪਾ ਪਾਰਟੀ ਦੇ ਆਗੂਆਂ ਦਾ ਪਿੰਡਾਂ ’ਚ ਬਾਈਕਾਟ ਕੀਤਾ ਜਾਵੇਗਾ। ਬਾਈਕਾਟ ਦਾ ਇਹ ਐਲਾਨ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕੀਤਾ।
ਅੱਜ ਦੀ ਰੈਲੀ ਵਿਚ ਕਾਂਗਰਸ ਪਾਰਟੀ ਦੇ ਕੌਮੀ ਸਕੱਤਰ ਅਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬਡਾਲਾ ਨੇ ਆਪਣੀ ਸਮੁੱਚੀ ਟੀਮ ਨਾਲ ਰੈਲੀ ਵਿਚ ਪਹੁੰਚ ਕੇ ਮਜ਼ਦੂਰ ਸੰਘਰਸ਼ ਦੀ ਹਮਾਇਤ ਕੀਤੀ ਅਤੇ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਅਤੇ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਮਜ਼ਦੂਰਾਂ ਦਾ ਮਨਰੇਗਾ ਰੁਜ਼ਗਾਰ ਬਚਾਓ ਲਈ ਸੰਸਦ ਅੰਦਰ ਵੀ ਆਵਾਜ਼ ਉਠਾਉਣਗੇ।
ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਮਾਓਂ ਨੇ ਕਿਹਾ ਕਿ ਸੱਤਾਧਾਰੀ ਲੀਡਰਾਂ ਤੇ ਅਫ਼ਸਰਸ਼ਾਹੀ ਨੇ ਮਜ਼ਦੂਰਾਂ ਨੂੰ ਪੂਰਾ ਕੰਮ ਦੇਣ ਦੀ ਥਾਂ ਮਨਰੇਗਾ ਦੇ ਅਰਬਾਂ ਰੁਪਏ ਆਪਣੀ ਜੇਬਾਂ ਵਿੱਚ ਪਾਇਆ। ਉਨ੍ਹਾਂ ਕਿਹਾ ਕਿ ਜੇਕਰ ਮਨਰੇਗਾ ਦੇ ਬੰਦ ਕੰਮਾਂ ਨੂੰ ਬਹਾਲ ਨਾ ਕੀਤਾ ਤਾਂ 2027 ਵਿੱਚ ਮਜ਼ਦੂਰ ‘ਆਪ’, ਭਾਜਪਾ ਦਾ ਸਫ਼ਾਇਆ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ’ਚ ਗਰੀਬੀ ਦੀ ਥਾਂ ਗਰੀਬਾਂ ਨੂੰ ਖ਼ਤਮ ਕਰਨ ਦੀ ਨੀਤੀ ਬਣਾ ਰਹੀ ਹੈ ਅਤੇ ਮਨਰੇਗਾ ਰੁਜ਼ਗਾਰ ਖ਼ਤਮ ਕਰਨਾ ਇਨ੍ਹਾਂ ਨੀਤੀਆਂ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਨਰੇਗਾ ਕਾਨੂੰਨ ਵਿੱਚ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਕਰ ਕੇ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਮਜ਼ਦੂਰਾਂ ਤੋਂ ਰੁਜ਼ਗਾਰ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ 11 ਅਕਤੂਬਰ ਨੂੰ ਮਨਰੇਗਾ ਮਜ਼ਦੂਰ ਜਥੇਬੰਦੀਆਂ ਦੀ ਲੁਧਿਆਣਾ ਵਿੱਚ ਸਾਂਝੀ ਮੀਟਿੰਗ ਵਿੱਚ ਸੂਬਾ ਪੱਧਰੀ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਂਵਾਲੀ ਵਿੱਚ 28 ਸਤੰਬਰ ਨੂੰ ਸੁੱਤੇ ਪਏ ਦਲਿਤ ਪਰਿਵਾਰ ਉਪਰ ਹਮਲਾ ਕਰਨ ਨੂੰ ਗ੍ਰਿਫ਼ਤਾਰ ਨਾ ਕਰਨ ਖ਼ਿਲਾਫ਼ ਜਦੋਂ ਮਜ਼ਦੂਰਾਂ ਨੇ ਐੱਸ ਐੱਸ ਪੀ ਦਫ਼ਤਰ ਵੱਲ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਤਾਂ ਡੀ ਐੱਸ ਪੀ ਬੂਟਾ ਸਿੰਘ ਨੇ ਰੈਲੀ ਵਿਚ ਆ ਕੇ ਭਰੋਸਾ ਦਿਵਾਇਆ ਕਿ ਪੀੜਤ ਪਰਿਵਾਰ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ। ਇਸ ਮੌਕੇ ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ, ਨਿੱਕਾ ਸਿੰਘ ਬਹਾਦਰਪੁਰ, ਸੁਖਮੰਦਰ ਸਿੰਘ ਗੱਜਣਵਾਲਾ, ਰਜਿੰਦਰ ਰਿਆੜ, ਸੁਖਵਿੰਦਰ ਸਿੰਘ ਬੋਹਾ, ਜਰਨੈਲ ਸਿੰਘ ਮਾਨਸਾ, ਪ੍ਰਦੀਪ ਗੁਰੂ, ਮੱਖਣ ਸਿੰਘ ਰਾਮਗੜ੍ਹ, ਅਵਤਾਰ ਸਿੰਘ ਸਹੋਤਾ, ਗੁਲਾਬ ਸਿੰਘ ਖੀਵਾ ਤੇ ਭੋਲ਼ਾ ਸਿੰਘ ਝੱਬਰ ਨੇ ਵੀ ਸੰਬੋਧਨ ਕੀਤਾ।