ਮੇਅਰ ਦੀ ਚੋਣ: ਕਾਂਗਰਸ ਦੇ 19 ਕੌਂਸਲਰਾਂ ਨੂੰ ‘ਕਾਰਨ ਦੱਸੋ’ ਨੋਟਿਸ
ਸ਼ਗਨ ਕਟਾਰੀਆ
ਬਠਿੰਡਾ, 11 ਫਰਵਰੀ
ਕਾਂਗਰਸੀ ਕੌਂਸਲਰਾਂ ਦੇ ਬਹੁਮਤ ਵਾਲੀ ਨਗਰ ਨਿਗਮ ਬਠਿੰਡਾ ਵਿੱਚ ‘ਆਪ’ ਦੇ ਮੇਅਰ ਵੱਲੋਂ ਬਾਜ਼ੀ ਮਾਰੇ ਜਾਣ ਨੇ ਕਾਂਗਰਸ ਹਾਈ ਕਮਾਨ ਤੱਕ ‘ਹਿਲਾ’ ਦਿੱਤੀ ਹੈ। ਆਮ ਆਦਮੀ ਪਾਰਟੀ 5 ਫਰਵਰੀ ਨੂੰ ਹੋਈ ਚੋਣ ’ਚ ਆਪਣੇ ‘ਇੱਕੋ-ਇੱਕ’ ਕੌਂਸਲਰ ਨੂੰ 33 ਵੋਟਾਂ ਨਾਲ ਮੇਅਰ ਦੀ ਕੁਰਸੀ ’ਤੇ ਬਿਠਾਉਣ ’ਚ ਕਾਮਯਾਬ ਹੋਈ ਸੀ। ਇਸ ਚੋਣ ਨੇ ਕਾਂਗਰਸ ਦੀ ਮੁਕਾਮੀ ਲੀਡਰਸ਼ਿਪ ਨੂੰ ਧੁਰ ਅੰਦਰ ਤੱਕ ਹਲੂਣਿਆ, ਤਾਂ ਉਸ ਨੇ ਪੂਰਾ ਮਾਮਲਾ ਅੱਗੇ ਕਾਰਵਾਈ ਲਈ ਸੂਬਾਈ ਲੀਡਰਸ਼ਿਪ ਅੱਗੇ ਰੱਖ ਦਿੱਤਾ।
ਜਾਣਕਾਰੀ ਮੁਤਾਬਿਕ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਪ੍ਰਧਾਨ, ਡਿਪਟੀ ਮੇਅਰ ਮਾ. ਹਰਿਮੰਦਰ ਸਿੰਘ, ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ, ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ ਅਤੇ ਡੈਲੀਗੇਟ ਮਲਕੀਤ ਸਿੰਘ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਪੰਜਾਬ ਕਾਂਗਰਸ ਦੀ ਅਨੁਸਾਸ਼ਨੀ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਅਵਤਾਰ ਹੈਨਰੀ ਤਰਫ਼ੋਂ ਕਥਿਤ ‘ਆਪ’ ਉਮੀਦਵਾਰ ਦੇ ਹੱਕ ’ਚ ਭੁਗਤਣ ਵਾਲੇ 19 ਕੌਂਸਲਰਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਗਿਆ ਹੈ। ਇਨ੍ਹਾਂ ਕੌਂਸਲਰਾਂ ’ਤੇ ਮੇਅਰ ਦੀ ਚੋਣ ਮੌਕੇ ‘ਕਰਾਸ ਵੋਟਿੰਗ’ ਕਰਨ ਦਾ ਸ਼ੱਕ ਜ਼ਾਹਿਰ ਕੀਤਾ ਗਿਆ ਹੈ। ਇਨ੍ਹਾਂ ਨੂੰ ਤਿੰਨ ਦਿਨਾਂ ਦੇ ਅੰਦਰ-ਅੰਦਰ ਆਪਣੇ ਜੁਆਬ ਦਾਖ਼ਲ ਕਰਨ ਦੀ ਮੋਹਲਤ ਦਿੱਤੀ ਗਈ ਹੈ। ਅਨੁਸ਼ਾਸਨੀ ਕਮੇਟੀ ਨੇ ਤਾਕੀਦ ਕੀਤੀ ਹੈ ਕਿ ਜੇਕਰ ਇਹ ਸਾਰੇ ਕੌਂਸਲਰ ਤਿੰਨ ਦਿਨਾਂ ਵਿੱਚ ਜੁਆਬ ਨਹੀਂ ਦਿੰਦੇ, ਤਾਂ ਹਾਈ ਕਮਾਨ ਨੂੰ ਉਨ੍ਹਾਂ ਵਿਰੁੱਧ ਇੱਕ-ਤਰਫ਼ਾ ਕਾਰਵਾਈ ਕਰਨ ਲਈ ਸਿਫ਼ਾਰਸ਼ ਭੇਜੀ ਜਾਵੇਗੀ।
ਕਥਿਤ ਨੋਟਿਸ ਵਾਲੇ ਕੌਂਸਲਰਾਂ ਦੇ ਨਾਂਅ ਵਿਵੇਕ ਗਰਗ, ਸੋਨੀਆ, ਸੁਖਦੇਵ ਸਿੰਘ ਭੁੱਲਰ, ਮਨਜੀਤ ਕੌਰ, ਬਲਰਾਜ ਸਿੰਘ, ਵਿਕਰਮ ਕ੍ਰਾਂਤੀ, ਸੁਰੇਸ਼ ਕੁਮਾਰ, ਕਿਰਨ ਰਾਣੀ, ਸ਼ਾਮ ਲਾਲ ਗਰਗ, ਕਮਲਜੀਤ ਕੌਰ, ਉਮੇਸ਼ ਗਰਗ, ਨੇਹਾ, ਮਮਤਾ ਸੈਨੀ, ਪੁਸ਼ਪਾ ਰਾਣੀ, ਕੁਲਵਿੰਦਰ ਕੌਰ, ਅਨੀਤਾ ਗੋਇਲ, ਰਾਜ ਰਾਣੀ, ਮਮਤਾ ਅਤੇ ਕਮਲੇਸ਼ ਮਹਿਰਾ ਦੱਸੇ ਗਏ ਹਨ। ਇਨ੍ਹਾਂ ਬਾਰੇ ਸ਼ਿਕਾਇਤ ’ਚ ਕਿਹਾ ਗਿਆ ਕਿ ਇਨ੍ਹਾਂ ਨੇ ਮੇਅਰ ਦੀ ਚੋਣ ਸਮੇਂ ਕਾਂਗਰਸੀ ਉਮੀਦਵਾਰ ਦੇ ਪੱਖ ’ਚ ਵੋਟਾਂ ਪਾਉਣ ਦੀ ਥਾਂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਪਦਮਜੀਤ ਮਹਿਤਾ ਦੇ ਹੱਕ ’ਚ ਵੋਟ ਫ਼ਤਵਾ ਦਿੱਤਾ। ਕੁਝ ਕੌਂਸਲਰਾਂ ਦੇ ਵੋਟਿੰਗ ਸਮੇਂ ਗ਼ੈਰ ਹਾਜ਼ਰੀ ਦਾ ਵੀ ਪਾਰਟੀ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਗੌਰਲਬ ਹੈ ਕਿ ਕਾਂਗਰਸੀ ਕੌਂਸਲਰਾਂ ਦੀ ‘ਆਪ’ ਨਾਲ ਕਥਿਤ ਮਿਲੀਭੁਗਤ ਕਾਰਣ ਪਦਮਜੀਤ ਮਹਿਤਾ ਮੇਅਰ ਬਣ ਗਏ ਸਨ। ਜਾਣਕਾਰੀ ਅਨੁਸਾਰ ਇਸ ਚੋਣ ਦੌਰਾਨ ‘ਆਪ’ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਪਾਰਟੀ ਤੋਂ ਖਫ਼ਾ ਨਜ਼ਰ ਆਏ ਸਨ ਅਤੇ ਉਨ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਕੀਤਾ ਸੀ। ਮੇਅਰ ਦੀ ਚੋਣ ਵਾਲੇ ਦਿਨ ਵਿਧਾਇਕ ਨੇ ਮੰਤਰੀਆਂ ਤੇ ਸਾਥੀ ਵਿਧਾਇਕਾਂ ਤੋਂ ਦੂਰੀ ਬਣਾ ਕੇ ਰੱਖੀ ਸੀ।