ਮੇਅਰ ਨੇ ਖਿਡਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ
ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸਥਾਨਕ ਖੇਡ ਸਟੇਡੀਅਮ ਦਾ ਦੌਰਾ ਕਰ ਕੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਖਿਡਾਰੀਆਂ ਨੇ ਦੱਸਿਆ ਕਿ ਪਹਿਲਾਂ ਰਨਿੰਗ ਟਰੈਕ ਖਰਾਬ ਹੋਣ ਕਾਰਨ ਉਹ ਜ਼ਖ਼ਮੀ ਹੋ ਜਾਂਦੇ ਸਨ ਪਰ ਮੇਅਰ ਵੱਲੋਂ ਕੁਝ ਮਹੀਨੇ ਪਹਿਲਾਂ ਹੀ ਇਸ ਦੀ ਮੁਰੰਮਤ ਕਰਵਾ ਦਿੱਤੀ ਗਈ, ਜਿਸ ਨਾਲ ਹੁਣ ਹਜ਼ਾਰਾਂ ਖਿਡਾਰੀ ਅਭਿਆਸ ਲਈ ਆ ਰਹੇ ਹਨ। ਮੇਅਰ ਮਹਿਤਾ ਨੇ ਪੁਲੀਸ ਭਰਤੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਅਤੇ ਜਿਮਨਾਸਟਿਕ ਦਾ ਅਭਿਆਸ ਕਰ ਰਹੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਉਨ੍ਹਾਂ ਭਰੋਸਾ ਦਿੱਤਾ ਕਿ ਸਟੇਡੀਅਮ ਵਿੱਚ ਪਾਣੀ ਅਤੇ ਹੋਰ ਬੁਨਿਆਦੀ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇਗਾ। ਇਸ ਮੌਕੇ ਮੇਅਰ ਨੇ ਤਗਮਾ ਜੇਤੂ ਖਿਡਾਰੀਆਂ ਮਨਤਾਜ ਸਿੰਘ ਸਿੱਧੂ, ਮੋਹਿਤ, ਆਸ਼ੂ, ਅਨੁਪਮ, ਗੁਰਕਰਨਦੀਪ ਅਤੇ ਗੁਰਮਨ ਕੌਰ ਦਾ ਸਨਮਾਨ ਕਰਦਿਆਂ ਕਿਹਾ ਕਿ ਇਹ ਨੌਜਵਾਨ ਨਸ਼ਿਆਂ ਦੇ ਕਲੰਕ ਨੂੰ ਮਿਟਾ ਕੇ ਪੰਜਾਬ ਅਤੇ ਬਠਿੰਡਾ ਦਾ ਨਾਂ ਕੌਮਾਂਤਰੀ ਪੱਧਰ 'ਤੇ ਰੋਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੇ ਹੁਨਰ ਨੂੰ ਨਿਖਾਰਨ ਲਈ ਸਰਕਾਰ ਵੱਲੋਂ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾਵੇਗੀ।