ਖੋ-ਖੋ ’ਚ ਮਾਤਾ ਗੁਜਰੀ ਸਕੂਲ ਦਾ ਪਹਿਲਾ ਸਥਾਨ
ਮਾਤਾ ਗੁਜਰੀ ਪਬਲਿਕ ਹਾਈ ਸਕੂਲ ਭਦੌੜ ਦੇ ਖੋ-ਖੋ ਖਿਡਾਰੀਆਂ ਵੱਲੋਂ 69ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਰਨਾਲਾ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮਾਣਮੱਤੀ ਪ੍ਰਾਪਤੀ ਤੇ ਪ੍ਰਿੰਸੀਪਲ ਸੁਖਵੀਰ ਕੌਰ ਧਾਲੀਵਾਲ ਨੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਕੋਚ ਪ੍ਰਗਟ ਸਿੰਘ ਢਿੱਲਵਾਂ ਦੀਆਂ ਤਰਾਸ਼ੀਆਂ ਹੋਈਆਂ ਖੋ-ਖੋ ਦੀਆਂ ਅੰਡਰ-14 ਸਾਲ ਅਤੇ ਅੰਡਰ-17 ਟੀਮਾਂ ਨੇ 10 ਜ਼ੋਨਾਂ ਦੇ ਸਖਤ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਚੈੱਸ ਵਿੱਚੋਂ ਅੰਡਰ-14 ਕੁੜੀਆਂ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ ਹੈ ਅਤੇ ਅੰਡਰ-14 ਅਤੇ ਅੰਡਰ-17 ਦੇ ਖਿਡਾਰੀਆਂ ਨੇ ਬੈਡਮਿੰਟਨ, ਸਕੇਟਿੰਗ ਅਤੇ ਚੈੱਸ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਐੱਮ ਡੀ ਐਡਵੋਕੇਟ ਇਕਬਾਲ ਸਿੰਘ ਗਿੱਲ ਅਤੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ ਸਮੂਹ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕੋਚ ਪ੍ਰਗਟ ਸਿੰਘ ਢਿੱਲਵਾਂ ਦੇ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਅਨੁਸ਼ਾਸਨ, ਮਿਹਨਤ ਅਤੇ ਸਹੀ ਅਗਵਾਈ ਨਾਲ ਚੈਂਪੀਅਨ ਬਣਿਆ ਜਾ ਸਕਦਾ ਹੈ। ਇਸ ਮੌਕੇ ਹਰਮਨ ਪ੍ਰੀਤ ਸਿੰਘ ਸਿੱਧੂ, ਝਰਮਲ ਸਿੰਘ ਜੰਗੀਆਣਾ, ਸੰਦੀਪ ਕੁਮਾਰ ਦਈਏ ਤੇ ਹੋਰ ਹਾਜ਼ਰ ਸੀ।