ਚੋਣਾਂ ਦੌਰਾਨ ਸਰਕਾਰ ਨੂੰ ਘੇਰਨ ਦਾ ਮਾਸਟਰ ਪਲਾਨ ਤਿਆਰ
ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਪੂਰੀਆਂ ਨਾ ਕੀਤੇ ਜਾਣ ’ਤੇ ਖਫ਼ਾ ਕਰਮਚਾਰੀਆਂ ਵੱਲੋਂ ਪੀ ਐੱਸ ਐੱਮ ਐੱਸ ਯੂ ਦੀ ਅਗਵਾਈ ਹੇਠ ਸਰਕਾਰ ਨੂੰ 2027 ਦੀਆਂ ਆਮ ਚੋਣਾਂ ’ਚ ਘੇਰਨ ਲਈ ਯੋਜਨਾਬੰਦੀ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਸਰਕਾਰੀ ਕਰਮਚਾਰੀ ਹੀ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਲੋਕਾਂ ਤੱਕ ਲੈ ਕੇ ਜਾਣਗੇ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਕਰਮਚਾਰੀਆਂ ਦੀ ਮੀਟਿੰਗ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਦੱਸਿਆ ਕਿ ਪਿਛਲੇ ਪੌਣੇ ਚਾਰ ਸਾਲ ਤੋਂ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਇਕ ਮੰਗ ਵੀ ਪੂਰੀ ਨਹੀਂ ਕੀਤੀ ਇਸ ਲਈ 2027 ਦੀਆਂ ਚੋਣਾਂ ’ਚ ‘ਆਮ ਆਦਮੀ ਪਾਰਟੀ’ ਨੂੰ ਸਿਆਸੀ ਸੱਟ ਮਾਰਨ ਲਈ ਮੁਲਾਜ਼ਮਾਂ ਨੇ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਲਈ ਹੈ। ਇਸ ਤਿਆਰੀ ਵਜੋਂ ਵਿਧਾਨ ਸਭਾ ਦੇ ਹਲਕਿਆਂ ਮੁਤਾਬਕ ਮਨਿਸਟੀਰੀਅਲ ਹਲਕਾ ਪ੍ਰਧਾਨ ਚੁਣੇ ਜਾਣਗੇ। ਪਿੰਡਾਂ ਅਤੇ ਸ਼ਹਿਰਾਂ ਦੇ ਦਫ਼ਤਰਾਂ, ਸਕੂਲਾਂ ਅਤੇ ਬੂਥਾਂ ’ਤੇ ਤਾਇਨਾਤ ਮਨਿਸਟੀਰੀਅਲ ਕਾਮੇ ਜੋ ਬੀ ਐੱਲ ਓ ਵਜੋਂ ਸੇਵਾਵਾਂ ਵੀ ਨਿਭਾ ਰਹੇ ਹਨ ਜਾਂ ਜਿਸ ਬੂਥ ਦੇ ਹਲਕੇ ਵਿੱਚ ਰਹਾਇਸ਼ ਰੱਖਦੇ ਹਨ, ਉੱਥੇ ਹੇਠਲੇ ਪੱਧਰ ਤੱਕ ਮੁਲਾਜ਼ਮਾਂ ਨਾਲ ਹੋ ਰਹੇ ਧੱਕੇ, ਕੀਤੇ ਜਾ ਰਹੇ ਸੋਸ਼ਣ ਅਤੇ ਖੋਹੇ ਗਏ ਹੱਕਾਂ ਬਾਰੇ ਲੋਕਾਂ ਨੂੰ ਦੱਸਿਆ ਜਾਵੇਗਾ। ਇਸ ਤੋਂ ਇਲਾਵਾ ਇਹ ਮੁਲਾਜ਼ਮ ਜਿੱਥੇ ਸਰਕਾਰ ਦੀਆਂ ਸੇਵਾਵਾਂ ਆਮ ਜਨਤਾ ਤੱਕ ਪਹੁਚਾਉਣ ਦਾ ਕੰਮ ਕਰਨਗੇ, ਉਥੇ ਸਰਕਾਰ ਵਿੱਚ ਸ਼ਾਮਲ ਲੋਕਾਂ ਵੱਲੋਂ ਪੰਜਾਬ ਨੂੰ ਲੁੱਟਣ ਦੇ ਉਲੀਕੇ ਜਾ ਰਹੇ ਮਨਸੂਬੇ, ਗਲਤ ਨੀਤੀਆਂ ਅਤੇ ਬਾਹਰੀ ਲੋਕਾਂ ਦੇ ਦਖਲ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਪੀ ਐੱਸ ਐੱਮ ਐੱਸ ਯੂ. ਦੇ ਜ਼ਿਲ੍ਹਾ ਪ੍ਰਧਾਨ ਖੁਸ਼ਕਰਨਜੀਤ ਸਿੰਘ ਅਤੇ ਡੀ ਸੀ ਦਫ਼ਤਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਅਤੇ ਸੀ ਪੀ ਐੱਫ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਕੁਮਾਰ ਨੇ ਵੀ ਸਰਕਾਰ ਦੇ ਇਸ ਬੇਰੁਖੀ ਵਾਲੇ ਰਵੱਈਏ ਦੀ ਨਿਖੇਧੀ ਕੀਤੀ। ਇਸ ਮੀਟਿੰਗ ਵਿੱਚ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ, ਰੀਡਰ ਟੂ ਡੀ ਸੀ ਗੁਰਮੀਤ ਪਾਲ, ਦਲਜੀਤ ਸਿੰਘ, ਸੁਪਰਡੈਂਟ ਰਾਜਿੰਦਰ ਕੁਮਾਰ, ਜਗਪ੍ਰੀਤ ਸਿੰਘ, ਪੀ ਐੱਸ ਐੱਮ ਐੱਸ ਯੂ. ਦੇ ਸਾਬਕਾ ਪ੍ਰਧਾਨ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੀਨੀਅਰ ਆਗੂ ਕਰਮਜੀਤ ਸ਼ਰਮਾ, ਕਾਲਾ ਸਿੰਘ ਬੇਦੀ, ਖੁਰਾਕ ਤੇ ਸਪਲਾਈ ਵਿਭਾਗ ਤੋਂ ਸੁਰਿੰਦਰ ਕੁਮਾਰ ਤੇ ਗੁਰਲਾਲ ਸਿੰਘ, ਰੁਜ਼ਗਾਰ ਦਫ਼ਤਰ, ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਤੋਂ ਗੁਰਸ਼ਰਨ ਸਿੰਘ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੋਂ ਵਿਕਰਮ ਸਿੰਘ, ਖਜ਼ਾਨਾ ਦਫ਼ਤਰ, ਪੀ ਡਬਲਯੂ ਡੀ (ਬੀ ਐਂਡ ਆਰ) ਦਫ਼ਤਰ, ਸਿੰਜਾਈ ਵਿਭਾਗ ਤੋਂ ਵੀਰ ਚੰਦ, ਜੰਗਲਾਤ ਵਿਭਾਗ, ਪੰਜਾਬ ਰੋਡਵੇਜ਼ ਤੋਂ ਗੁਰਮੀਤ ਸਿੰਘ ਆਦਿ ਮੌਜੂਦ ਸਨ।
