ਮਾਸਟਰ ਬਲਦੇਵ ਸਿੰਘ ਨੇ ਗੰਦੇ ਪਾਣੀ ’ਚ ਮੁੜ ਛੱਡੀਆਂ ਮੱਛੀਆਂ
ਇਤਿਹਾਸਕ ਸ਼ਹਿਰ ਜੈਤੋ ਦੀ ਰਾਜਨੀਤੀ ਮੱਛੀਆਂ ਦਾ ਬੋਲਬਾਲ ਸਿਖਰ ’ਤੇ ਹੈ। ਸਿਆਸੀ ਮੌਕਾ ਹਥਿਆਉਣ ਖ਼ਾਤਰ ਨੇਤਾ ਤਰਲੋਮੱਛੀ ਹੋਏ ਪਏ ਹਨ। ਅੱਜ ਫਿਰ ਮਾਸਟਰ ਬਲਦੇਵ ਸਿੰਘ ਸਪੈਸ਼ਲ ਚੱਲ ਕੇ ਜੈਤੋ ਆਏ ਅਤੇ ਆਪਣੀਆਂ ਮੱਛੀਆਂ ਪਲਣ ਲਈ ਗੰਦੇ ਪਾਣੀ ’ਚ ਸੁੱਟ ਕੇ ਚਲੇ ਗਏ।
ਮਾਸਟਰ ਬਲਦੇਵ ਸਿੰਘ ਨੇ ਇਸ ਵਾਰ ਮੱਛੀਆਂ ਦੀ ਸਿਹਤ ਦਾ ਖਿਆਲ ਰੱਖਦਿਆਂ, ਪੀਰਖਾਨੇ ਕੋਲ ਵਰ੍ਹਿਆਂ ਤੋਂ ਖੜ੍ਹੇ ਗੰਦੇ ਪਾਣੀ ਦੀ ਚੋਣ ਕੀਤੀ। ਉਨ੍ਹਾਂ ਮੀਡੀਆ ਕੋਲ ਖੁਲਾਸਾ ਕੀਤਾ ਕਿ ਉਹ ਬੀਤੇ ਦਿਨ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵੱਲੋਂ ਕੀਤੀ ਜਵਾਬੀ ਕਾਰਵਾਈ ਦਾ ‘ਜਵਾਬ’ ਦੇਣ ਆਏ ਹਨ। ਉਨ੍ਹਾਂ ਚੁਣੌਤੀ ਦਿੱਤੀ ਕਿ ਪੀਰਖਾਨੇ ਨੇੜਲੇ ਪਾਣੀ ਨੂੰ ਜੇ ਵਿਧਾਇਕ ਇੱਕ ਮਹੀਨੇ ’ਚ ਵੀ ਸਾਫ਼ ਕਰਵਾ ਦੇਣ, ਤਾਂ ਉਹ ਭਵਿੱਖ ’ਚ ਕਦੇ ਵੀ ਉਨ੍ਹਾਂ ਦੀ ਵਿਰੋਧਤਾ ਨਹੀਂ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਵਿਧਾਇਕ ਵਜੋਂ ਕਾਰਜਕਾਲ ਦੌਰਾਨ (2017 ਤੋਂ 2022) ਕਦੇ ਇੱਥੇ ਪਾਣੀ ਨਹੀਂ ਖੜ੍ਹਿਆ, ਪਰ ਤਿੰਨ ਸਾਲਾਂ ਤੋਂ ਇਹ ਸਮੱਸਿਆ ਬਰਕਰਾਰ ਹੈ।
ਉਧਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਕਾਰਵਾਈ ਦੀ ਵੀਡੀਓ ਤੋਂ ਬਾਅਦ ਲੋਕਾਂ ਵੱਲੋਂ ਪੱਖ ਅਤੇ ਵਿਰੋਧ ਵਿੱਚ ਕੀਤੀਆਂ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਦਾ ਹੜ੍ਹ ਆ ਗਿਆ ਹੈ। ਕੁੱਝ ਟਿੱਪਣੀਕਾਰ ਕਹਿ ਰਹੇ ਹਨ ਕਿ ‘ਮੱਛੀਆਂ ਤਾਂ ਵਿਚਾਰੀਆਂ ਬਹਾਨਾ ਹਨ, ਅਸਲ ਨਿਸ਼ਾਨਾ ਤਾਂ ਕੁਰਸੀ ’ਤੇ ਕਬਜ਼ੇ ਦਾ ਹੈ।’
ਦੱਸ ਦੇਈਏ ਕਿ ਜੈਤੋ ਤੋਂ ‘ਆਪ’ ਦੇ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਇਸ ਸਮੇਂ ਕਾਂਗਰਸੀ ਬਣ ਚੁੱਕੇ ਹਨ। ਉਨ੍ਹਾਂ 25 ਅਗਸਤ ਨੂੰ ਹੋਈ ਭਾਰੀ ਬਾਰਿਸ਼ ਕਾਰਣ ਇੱਥੇ ਬਾਜ਼ਾਰ ’ਚ ਖੜ੍ਹੇ ਪਾਣੀ ਵਿੱਚ ਮੱਛੀਆਂ ਛੱਡ ਕੇ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ। 26 ਅਗਸਤ ਦੀ ਰਾਤ ਨੂੰ ਹੀ ਸਾਰੇ ਸ਼ਹਿਰ ’ਚੋਂ ਪਾਣੀ ਦੀ ਨਿਕਾਸੀ ਹੋਣ ਤੋਂ ਬਾਅਦ 27 ਅਗਸਤ ਨੂੰ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਮੋੜਵੀਂ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਪਾਣੀ ’ਚ ਪਾ ਕੇ ਕੁੱਝ ਮੱਛੀਆਂ ਇਹ ਕਹਿ ਕੇ ਮਾ. ਬਲਦੇਵ ਸਿੰਘ ਦੇ ਇਕ ਸਮਰਥਕ ਹਵਾਲੇ ਕਰ ਦਿੱਤੀਆਂ ਕਿ ‘ਪਾਣੀ ਦੀ ਬੂੰਦ ਵੀ ਨਹੀਂ ਰਹੀ, ਹੁਣ ਇਨ੍ਹਾਂ ਨੂੰ ਮਾਸਟਰ ਜੀ ਕੋਲ ਪਹੁੰਚਾ ਦਿਓ।’