ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੱਟੀ ਰਹੀਮੇ ਕੇ ’ਚ ਹੜ੍ਹਾਂ ਕਾਰਨ ਭਾਰੀ ਤਬਾਹੀ

ਲੋਕਾਂ ਦੇ ਘਰਾਂ ਤੇ ਫ਼ਸਲਾਂ ਦਾ ਨੁਕਸਾਨ; ਖੇਤਾਂ ’ਚ ਰੇਤਾ ਭਰਿਆ; ਪਿੰਡ ਜੱਲੋ ਕੇ ਤੇ ਭਾਨੇ ਵਾਲਾ ਵਿੱਚ ਵੀ ਨੁਕਸਾਨ
ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਗੱਟੀ ਰਹੀਮੇ ਕੇ ਦੇ ਖੇਤਾਂ ਵਿੱਚ ਹੜ੍ਹ ਕਾਰਨ ਨੁਕਸਾਨੀ ਫ਼ਸਲ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਸਰਹੱਦੀ ਖੇਤਰ ਵਿਚ ਆਏ ਹੜ੍ਹ ਕਾਰਨ ਬਹੁਤ ਸਾਰੇ ਪਿੰਡਾਂ ਦੇ ਲੋਕ ਬੇਘਰ ਹੋ ਗਏ ਹਨ। ਬਹੁਤ ਲੋਕਾਂ ਦੀਆਂ ਜ਼ਮੀਨਾਂ ਬੰਜਰ ਹੋ ਗਈਆਂ ਹਨ ਅਤੇ ਮਾਲ ਡੰਗਰ ਦਾ ਨੁਕਸਾਨ ਹੋਣ ਦੇ ਨਾਲ-ਨਾਲ ਇਮਾਰਤਾਂ ਦਾ ਵੀ ਬਹੁਤ ਭਾਰੀ ਨੁਕਸਾਨ ਹੋਇਆ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਗੱਟੀ ਰਹੀਮੇ ਕੇ ਜੋ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਪਿੰਡ ਗੱਟੀ ਰਹੀਮੇ ਕੇ ਦੇ ਸਰਪੰਚ ਹਰਮੇਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਅਧੀਨ ਆਉਂਦੇ ਪਿੰਡ ਜੱਲੋ ਕੇ, ਭਾਨੇ ਵਾਲਾ ਦੀਆਂ ਜ਼ਮੀਨਾਂ ਵਿੱਚ ਪੂਰੀ ਤਰ੍ਹਾਂ ਰੇਤਾ ਭਰ ਗਈ ਹੈ। ਸਰਪੰਚ ਹਰਮੇਸ਼ ਸਿੰਘ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਦੀ ਸਰਹੱਦ ਦਾ ਇਲਾਕਾ ਹੋਣ ਕਾਰਨ ਸਾਡੇ ਪਿੰਡ ਪਹਿਲਾਂ ਹੀ ਬਾਕੀ ਪੰਜਾਬ ਨਾਲੋਂ ਪੱਛੜੇ ਹੋਏ ਹਨ। ਇਸ ਤੋਂ ਇਲਾਵਾ 2023 ਵਿੱਚ ਆਏ ਹੜ੍ਹ ਦੇ ਨੁਕਸਾਨ ਤੋਂ ਹੀ ਨਹੀਂ ਉੱਠੇ ਸਨ ਕਿ ਮੁੜ ਹੁਣ ਦੁਬਾਰਾ ਹੜ੍ਹ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਦੇ ਪਾਣੀ ਨਾਲ ਸਾਡੇ ਪਿੰਡਾਂ ਦੀਆਂ ਝੋਨੇ ਦੀਆਂ ਫਸਲਾਂ, ਪਸ਼ੂਆਂ ਦਾ ਹਰਿਆ ਚਾਰਾ, ਪਸ਼ੂ ਪਾਲਕਾਂ ਵੱਲੋਂ ਜ਼ਮ੍ਹਾ ਕੀਤਾ ਹੋਇਆ ਪਸ਼ੂਆਂ ਦਾ ਆਚਾਰ, ਹਰੀਆਂ ਸਬਜ਼ੀਆਂ, ਤੂੜੀ ਆਦਿ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ।

ਪਿੰਡ ਹਜ਼ਾਰਾ ਸਿੰਘ ਵਾਲਾ ਦੇ ਸਰਪੰਚ ਵਿੱਕੀ ਬਿੱਲਾ ਨੇ ਦੱਸਿਆ ਕਿ ਆਏ ਦਿਨ ਆਏ ਸਾਲ ਹੜ੍ਹਾਂ ਕਾਰਨ ਜ਼ਿੰਦਗੀ ਦੁੱਭਰ ਹੋ ਗਈ ਹੈ। ਸਾਡੇ ਇਲਾਕੇ ਦੀਆਂ ਸਮੱਸਿਆਵਾਂ ਘਟਣ ਦੀ ਬਜਾਏ ਦਿਨੋਂ ਦਿਨ ਵੱਧ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਾਣੀ ਉਤਰ ਜਾਣ ਤੋਂ ਬਾਅਦ ਗਲੀਆਂ ਹੋਈਆਂ ਫਸਲਾਂ ਅਤੇ ਮਰੀਆਂ ਹੋਈਆਂ ਮੱਛੀਆਂ, ਮਰੇ ਹੋਏ ਪਸ਼ੂ ਇੰਨੀ ਬਦਬੂ ਫੈਲਾ ਰਹੇ ਹਨ ਕਿ ਪਿੰਡ ਵਿੱਚ ਰਹਿਣ ਨੂੰ ਮਨ ਨਹੀਂ ਕਰ ਰਿਹਾ ਹੈ ਪਰ ਪੁਰਖਿਆਂ ਵੱਲੋਂ ਆਬਾਦ ਕੀਤੀਆਂ ਜ਼ਮੀਨਾਂ, ਘਰ ਬਾਰ ਛੱਡ ਕੇ ਨਹੀਂ ਜਾ ਸਕਦੇ। ਸਰਪੰਚ ਹਰਮੇਸ਼ ਸਿੰਘ ਅਤੇ ਸਰਪੰਚ ਵਿੱਕੀ ਬਿੱਲਾ ਨੇ ਦੱਸਿਆ ਕਿ ਹੜ੍ਹ ਨਾਲ ਹੋਏ ਨੁਕਸਾਨ ਦੀ ਭਰਪਾਈ ਤਾਂ ਨਹੀਂ ਕੀਤੀ ਜਾ ਸਕਦੀ ਪਰ ਹੰਭਲਾ ਫਾਊਂਡੇਸ਼ਨ ਦੀ ਟੀਮ ਵੱਲੋਂ ਉਨ੍ਹਾਂ ਨੂੰ ਬਹੁਤ ਸਹਿਯੋਗ ਮਿਲ ਰਿਹਾ ਹੈ।

Advertisement

ਉਨ੍ਹਾਂ ਦੱਸਿਆ ਕਿ ਹੰਭਲਾ ਫਾਊਂਡੇਸ਼ਨ ਨੇ ਸਾਡੀ ਬਾਂਹ ਫੜੀ ਹੈ ਅਤੇ ਉਨ੍ਹਾਂ ਵੱਲੋਂ ਸਾਡੇ ਪਿੰਡਾਂ ਨੂੰ ਡੀਜ਼ਲ, ਬੀਜ਼, ਖਾਦਾਂ, ਰਾਸ਼ਨ, ਦਵਾਈਆਂ ਅਤੇ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਰਪੰਚ ਹਰਮੇਸ਼ ਸਿੰਘ ਅਤੇ ਸਰਪੰਚ ਵਿੱਕੀ ਬਿੱਲਾ ਨੇ ਕਿਹਾ ਕਿ ਹੜ ਪ੍ਰਭਾਵਿਤ ਪਿੰਡਾਂ ਵਿੱਚ ਚਮੜੀ ਦੇ ਰੋਗ ਮਲੇਰੀਆ ਡੇਂਗੂ ਖਾਂਸੀ ਜੁਕਾਮ ਆਦਿ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਜਲਦੀ ਤੋਂ ਜਲਦੀ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਸ਼ੂਆਂ ਦੇ ਡਾਕਟਰਾਂ ਦੀਆਂ ਟੀਮਾਂ ਅਤੇ ਮਨੁੱਖੀ ਡਾਕਟਰਾਂ ਦੀਆਂ ਟੀਮਾਂ ਭੇਜ ਕੇ ਜਾਂਚ ਕੀਤੀ ਜਾਵੇ ਤਾਂ ਕਿ ਸਮੇਂ ਸਿਰ ਸਭ ਦਾ ਇਲਾਜ ਹੋ ਸਕੇ।

Advertisement
Show comments