ਝੋਨੇ ਦੀ ਖ਼ਰੀਦ ਬੰਦ ਹੋਣ ’ਤੇ ਮਾਰਕੀਟ ਕਮੇਟੀ ਦਫ਼ਤਰ ਦਾ ਘਿਰਾਓ
ਪਿੰਡ ਕੱਖਾਂਵਾਲੀ ਦੇ ਖ਼ਰੀਦ ਕੇਂਦਰ ਨੂੰ ਅਲਾਟ ਸ਼ੈੱਲਰ ਦੇ ਮਾਲਕ ਨੇ ਝੋਨਾ ਖਰੀਦਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਇਸ ਦੇ ਵਿਰੋਧ ਵਿੱਚ ਪਿੰਡ ਦੇ ਕਿਸਾਨਾਂ ਨੇ ਭਾਕਿਯੂ ਉਗਰਾਹਾਂ ਦੀ ਅਗਵਾਈ ਹੇਠ ਅੱਜ ਮੰਡੀ ਕਿੱਲਿਆਂਵਾਲੀ ਮਾਰਕੀਟ ਕਮੇਟੀ ਦੇ ਦਫ਼ਤਰ ਦਾ ਘਿਰਾਓ ਕੀਤਾ। ਇਸ ਦੌਰਾਨ ਲੰਬੀ ਦੇ ਏ ਐੱਫ ਐੱਸ ਓ ਸੰਦੀਪ ਕੁਮਾਰ, ਮਾਰਕਫੈੱਡ ਇੰਸਪੈਕਟਰ ਸੁਖਰਾਜ ਸਿੰਘ ਅਤੇ ਸੁਪਰਵਾਈਜ਼ਰ ਦੀਪ ਸਿੰਘ ਸਣੇ ਅਧਿਕਾਰੀ ਦਫ਼ਤਰ ਵਿੱਚ ਘਿਰ ਗਏ। ਕਿਸਾਨਾਂ ਨੇ ਕਰੀਬ ਚਾਰ ਘੰਟੇ ਧਰਨਾ ਦਿੱਤਾ। ਜਾਣਕਾਰੀ ਅਨੁਸਾਰ ਕੱਖਾਂਵਾਲੀ ਖਰੀਦ ਕੇਂਦਰ ਲਈ ਅਲਾਟ ਸ਼ੈਲਰ ਦਾ ਮਾਲਕ ਦੀਵਾਲੀ ਨੇੜੇ ਪਰਿਵਾਰਕ ਕਾਰਨਾਂ ਕਰ ਕੇ ਖਰੀਦ ਤੋਂ ਪਿੱਛੇ ਹਟ ਗਿਆ, ਜਿਸ ਕਰਕੇ ਲਗਪਗ 400 ਮੀਟ੍ਰਿਕ ਟਨ ਝੋਨਾ ਬਿਨਾਂ ਖਰੀਦ ਤੋਂ ਖੁਲ੍ਹੇ ਅਸਮਾਨ ਹੇਠਾਂ ਪਿਆ ਹੈ। ਇਸ ਸ਼ੈਲਰ ਵੱਲੋਂ ਸਿਰਫ਼ 9 ਮੀਟ੍ਰਿਕ ਟਨ ਖਰੀਦ ਕੀਤੀ ਗਈ ਸੀ। ਬਾਅਦ ਵਿਚ ਪ੍ਰਸ਼ਾਸਨ ਵੱਲੋਂ ਬਦਲਵੇਂ ਪ੍ਰਬੰਧ ਨਾ ਹੋਣ ਕਰਕੇ ਕਿਸਾਨ ਪਰੇਸ਼ਾਨ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਦੇ ਹੋਰ ਚਾਰ ਸ਼ੈਲਰਾਂ ਵਿਚੋਂ ਕਿਸੇ ਨੂੰ ਵੀ ਕੱਖਾਂਵਾਲੀ ਅਲਾਟ ਨਹੀਂ ਕੀਤਾ ਗਿਆ। ਦੂਜੇ ਪਾਸੇ ਅਧਿਕਾਰੀਆਂ ਨੇ ਸ਼ੈਲਰ ਅਲਾਟਮੈਂਟ ਨੂੰ ਆਨਲਾਈਨ ਪ੍ਰਕਿਰਿਆ ਦਾ ਹਿੱਸਾ ਦੱਸਿਆ। ਧਰਨੇ ਦੌਰਾਨ ਕਿਸਾਨਾਂ ਨੇ ਮੰਡੀ ਕਿੱਲਿਆਂਵਾਲੀ ਦਾਣਾ ਮੰਡੀ ਅਤੇ ਸਾਰੇ ਲੰਬੀ ਹਲਕੇ ਵਿਚ ਝੋਨਾ ਖਰੀਦ ਵਿਚ ਗੈਰਕਾਨੂਨੀ ਤੌਰ ’ਤੇ ਤਿੰਨ ਤੋਂ 10 ਕਿੱਲੋ ਤੱਕ ਕਟੌਤੀ ਦੇ ਦੋਸ਼ ਵੀ ਲਾਏ, ਜਿਸ ’ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਚੁੱਪ ਹੈ। ਧਰਨੇ ਦੀ ਅਗਵਾਈ ਕਰਨ ਵਾਲੇ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਲ ਸਿੰਘੇਵਾਲਾ ਨੇ ਕਿਹਾ ਕਿ ਸਰਕਾਰ ਦੇ ਖ਼ਰੀਦ ਪ੍ਰਬੰਧਾਂ ਦੇ ਦਾਅਵੇ ਸਿਆਸੀ ਛਲਾਵੇ ਹਨ ਅਤੇ ਕਿਸਾਨਾਂ ਨੂੰ ਧਰਨਿਆਂ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਿਸਾਨ ਮਨਜੀਤ ਸਿੰਘ ਕੱਖਾਂਵਾਲੀ ਨੇ ਕਿਹਾ ਕਿ ਪਿੰਡ ਵਿਚ ਇੱਕ ਅਕਤੂਬਰ ਤੋਂ ਝੋਨੇ ਦੀ ਬਿਲਕੁਲ ਖਰੀਦ ਨਹੀਂ ਹੋਈ, ਪਿੰਡ ਵਾਸੀਆਂ ਵੱਲੋਂ ਖੇਤੀਬਾਡੀ ਮੰਤਰੀ ਤੱਕ ਪਹੁੰਚਣ ’ਤੇ ਵੀ ਹੱਲ ਨਹੀਂ ਨਿਕਲਿਆ। ਗੁਰਪਿੰਦਰ ਸਿੰਘ ਕੱਖਾਂਵਾਲੀ ਨੇ ਦੋਸ਼ ਲਾਇਆ ਕਿ ਸਰਕਾਰੀ ਅਣਗਹਿਲੀ ਕਾਰਨ ਕਿਸਾਨਾਂ ਦਾ ਪੂਰੀ ਤਰ੍ਹਾਂ ਸੁੱਕਾ ਝੋਨਾ ਵੀ ਰੁਲ ਰਿਹਾ ਹੈ। ਕਈ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਵਿਚ ਅਧਿਕਾਰੀਆਂ ਨਾਲ ਗੱਲਬਾਤ ਮਗਰੋਂ ਕੱਖਾਂਵਾਲੀ ਵਿੱਚ ਖਰੀਦ ਸ਼ੁਰੂ ਕਰਵਾ ਦਿੱਤੀ ਗਈ ਅਤੇ ਬਾਰਦਾਨਾ ਵੀ ਭੇਜਿਆ ਗਿਆ। ਕਿਸਾਨਾਂ ਨੂੰ ਕਟੌਤੀ ਸਬੰਧੀ ਸ਼ਿਕਾਇਤ ਦੇਣ ਲਈ ਕਿਹਾ ਗਿਆ। ਮਸਲਾ ਹੱਲ ਹੋਣ ’ਤੇ ਧਰਨਾ ਤੇ ਘਿਰਾਓ ਮੁਲਤਵੀ ਕਰ ਦਿੱਤਾ ਗਿਆ।
