ਗੋਲੀਬਾਰੀ ਦੀ ਘਟਨਾ ਖ਼ਿਲਾਫ਼ ਮਾਨਸਾ ਮੁਕੰਮਲ ਬੰਦ
ਕੀਟਨਾਸ਼ਕ ਦੁਕਾਨਦਾਰ ’ਤੇ ਗੋਲੀਆਂ ਚਲਾਉਣ ਦੇ ਰੋਸ ਵਜੋਂ ਅੱਜ ਵਪਾਰ ਮੰਡਲ ਤੇ ਵੱਖ-ਵੱਖ ਵਰਗਾਂ ਦੇ ਸੱਦੇ ’ਤੇ ਮਾਨਸਾ ਸ਼ਹਿਰ ਮੁਕੰਮਲ ਤੌਰ ’ਤੇ ਬੰਦ ਰਿਹਾ। ਸ਼ਹਿਰੀਆਂ ਨੇ ਪੰਜਾਬ ਸਰਕਾਰ ਅਤੇ ਪੁਲੀਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਕੇ ਧਰਨਾ ਦਿੱਤਾ ਅਤੇ ਤਿੱਖੀਆਂ ਤਕਰੀਰਾਂ ਕੀਤੀਆਂ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਤੋਂ ਐੱਸ ਐੱਸ ਪੀ ਮਾਨਸਾ, ਐੱਸ ਐੱਚ ਓ ਥਾਣਾ ਸਿਟੀ-1 ਮਾਨਸਾ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਧਰਨੇ ਦੌਰਾਨ ਸ਼ਹਿਰ ਦੀ ਸ਼ਾਂਤੀ ਲਈ 21 ਮੈਂਬਰੀ ਸੰਘਰਸ਼ ਕਮੇਟੀ ਦਾ ਗਠਨ ਕੀਤਾ, ਜਿਸ ਨੇ 1 ਨਵੰਬਰ ਨੂੰ ਨਿਊ ਪੰਜਾਬ ਡੇਅ ਮੌਕੇ ਸੂਬਾ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਅਤੇ 3 ਨਵੰਬਰ ਨੂੰ ਐੱਸ ਐੱਸ ਪੀ ਦਫ਼ਤਰ ਮਾਨਸਾ ਦੇ ਘਿਰਾਓ ਦਾ ਐਲਾਨ ਕੀਤਾ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਪੁਲੀਸ ਨੇ ਛੇਤੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਧਰਨੇ ਨੂੰ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਸਨਤਨਮ ਧਰਮ ਸਭਾ ਦੇ ਪ੍ਰਧਾਨ ਸੁਮੀਰ ਛਾਬੜਾ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਬਲਕੌਰ ਸਿੰਘ ਮੂਸੇਵਾਲਾ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਹਰਸ਼ੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪੁਲੀਸ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਲੰਬਾ ਸਮਾਂ ਸ਼ਰੇਆਮ ਬਾਜ਼ਾਰ ਵਿੱਚ ਘਟਨਾ ਨੂੰ ਅੰਜਾਮ ਦਿੱਤਾ ਅਤੇ ਪੁਲੀਸ ਦੇ ਹੱਥ ਹਾਲੇ ਵੀ ਖਾਲੀ ਹਨ। ਉਨ੍ਹਾਂ ਕਿਹਾ ਕਿ ਸ਼ਹਿਰੀਆਂ ਦੇ ਮਨਾਂ ਅੰਦਰ ਇਸ ਘਟਨਾ ਨੇ ਹੋਰ ਡਰ ਬਿਠਾ ਦਿੱਤਾ ਹੈ, ਜਿਸ ਕਰਕੇ ਲੋਕ ਸਹਿਮੇ ਹੋਏ ਹਨ। ਇਸੇ ਦੌਰਾਨ 21 ਮੈਂਬਰੀ ਸੰਘਰਸ਼ ਕਮੇਟੀ ਦੇ ਆਗੂ ਮੁਨੀਸ਼ ਬੱਬੀ ਦਾਨੇਵਾਲੀਆ,ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਦੀ ਸਰਕਾਰ ਅਤੇ ਸਥਾਨਕ ਪੁਲੀਸ ਅਧਿਕਾਰੀਆਂ ’ਤੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਚੁੱਪ ਕਰਕੇ ਨਹੀਂ ਬੈਠਣਗੇ, ਸਗੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਐਸਐਸਪੀ ਮਾਨਸਾ ਅਤੇ ਥਾਣਾ ਮੁਖੀ ਨਾਲ ਕੋਈ ਵੀ ਤਾਲਮੇਲ ਨਹੀਂ ਰੱਖਿਆ ਜਾਵੇਗਾ। ਇਸ ਘਟਨਾ ਦੌਰਾਨ ਭੱਜਦੇ ਹਮਲਾਵਰਾਂ ਨਾਲ ਫੜ੍ਹਨ ਦੀ ਕੋਸ਼ਿਸ ਕਰਨ ਵਾਲੇ ਗ੍ਰੰਥੀ ਜੋਗਿੰਦਰ ਸਿੰਘ ਦਾ ਧਰਨੇ ’ਚ ਵਿਸ਼ੇਸ ਸਨਮਾਨ ਕੀਤਾ ਗਿਆ। ਇਸੇ ਦੌਰਾਨ ਬਾਰ ਐਸੋਸੀਏਸ਼ਨ ਮਾਨਸਾ ਨੇ ਵੀ ਆਪਣੀ ਅਦਾਲਤੀ ਕੰਮ-ਕਾਜ ਠੱਪ ਕਰਕੇ ਇਸ ਬੰਦ ਦੇ ਸੱਦੇ ਨੂੰ ਸਮਰਥਨ ਦਿੱਤਾ। ਉਨ੍ਹਾਂ ਘਟਨਾ ਦੌਰਾਨ ਹਮਲਾਵਰਾਂ ਦਾ ਮੁਕਾਬਲਾ ਕਰਨ ਵਾਲੇ ਗ੍ਰੰਥੀ ਜੋਗਿੰਦਰ ਸਿੰਘ ਲਈ ਦੇਸ਼ ਦੇ ਸਰਵਉੱਚ ਸਿਵਲ ਬਹਾਦਰੀ ਪੁਰਸਕਾਰ ਦੀ ਮੰਗ ਕੀਤੀ ਹੈ।
ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ: ਐੱਸ ਐੱਸ ਪੀ
ਮਾਨਸਾ ਦੇ ਐੱਸ ਐੱਸ ਪੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਸ਼ਹਿਰ ਵਿੱਚ ਗੋਲੀਬਾਰੀ ਕਰਨ ਵਾਲਿਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲੀਸ ਨੇ ਸੀ ਸੀ ਟੀ ਵੀ ਕੈਮਰਿਆਂ ਦੀ ਘੋਖ ਲਈ ਕਈ ਟੀਮਾਂ ਬਣਾਈਆਂ ਹਨ ਅਤੇ ਮੁਲਜ਼ਮਾਂ ਦੀ ਪਛਾਣ ਲਈ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂਕਿਹਾ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮਾਂ ਦੇ ਮੋਟਰਸਾਈਕਲ ਅਤੇ ਮੋਬਾਈਲ ਤੋਂ ਵੀ ਘਟਨਾ ਸਬੰਧੀ ਜਾਣਕਾਰੀ ਹੱਥ ਲੱਗੀ ਹੈ ਜਿਨ੍ਹਾਂ ਨੂੰ ਆਧਾਰ ਬਣਾ ਕੇ ਮੁਲਜ਼ਮਾਂ ਤੱਕ ਪੁੱਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਭੰਗ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਸ਼ਹਿਰ ਵਿੱਚ ਪੁਲੀਸ ਦਿਨ-ਰਾਤ ਦੀ ਗਸ਼ਤ ਤੇ ਨਾਕਾਬੰਦੀ ਕਰ ਰਹੀ ਹੈ।
