ਮਨੀਪੁਰ ਘਟਨਾਵਾਂ: ਸੁਯੰਕਤ ਕਿਸਾਨ ਮੋਰਚਾ ਨੇ ਪ੍ਰਦਰਸ਼ਨ ਕਰਕੇ ਮੋਦੀ ਸਰਕਾਰ ਦੀ ਫੂਕੀ ਅਰਥੀ
ਪਰਸ਼ੋਤਮ ਬੱਲੀ
ਬਰਨਾਲਾ, 2 ਅਗਸਤ
ਮਨੀਪੁਰ ਘਟਨਾਵਾਂ ਨੂੰ ਲੈ ਕੇ ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋੱ ਰੋਸ ਪ੍ਰਦਰਸ਼ਨ ਉਪਰੰਤ ਕੇਂਦਰੀ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ। ਵਫ਼ਦ ਵੱਲੋਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਭੇਜ ਕੇ ਮਨੀਪੁਰ ਸਰਕਾਰ ਦੀ ਬਰਖ਼ਾਸਤਗੀ ਤੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਗਈ।
ਆਗੂਆਂ 'ਚ ਸ਼ਾਮਲ ਗੁਰਨਾਮ ਸਿੰਘ, ਕੁਲਦੀਪ ਸਿੰਘ ਬਰਨਾਲਾ, ਮਨਜੀਤ ਰਾਜ , ਮਨਵੀਰ ਕੌਰ ਜੱਗਾ, ਸਿੰਘ, ਦਰਸ਼ਨ ਸਿੰਘ , ਗੁਰਮੇਲ ਸ਼ਰਮਾ , ਜਗਸੀਰ ਸਿੰਘ ਸੀਰਾ ਸੰਪੂਰਨ ਸਿੰਘ, ਇੰਦਰਪਾਲ ਸਿੰਘ, ਪਵਿੱਤਰ ਸਿੰਘ ਲਾਲੀ , ਰਣਜੀਤ ਸਿੰਘ ਤੇ ਗੁਰਬਖ਼ਸ਼ ਸਿੰਘ ਬਰਨਾਲਾ ਨੇ ਕਿਹਾ ਕਿ ਮਨੀਪੁਰ ਦੀਆਂ ਘਟਨਾਵਾਂ ਕਾਰਨ ਦੇਸ਼ ਸ਼ਰਮਸਾਰ ਹੈ।
ਆਗੂ ਗੁਰਚਰਨ ਸਿੰਘ, ਗੁਰਮੇਲ ਜਵੰਧਾ, ਪਰਮਿੰਦਰ ਸਿੰਘ, ਸਤਨਾਮ ਸਿੰਘ ਕਾਹਨੇਕੇ ਤੇ ਲਖਵੀਰ ਸਿੰਘ ਨੇ ਮੰਗ ਕੀਤੀ ਕਿ ਮਨੀਪੁਰ ਸੂਬੇ ਦੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਵਿਗਾੜਨ ਅਤੇ ਫਿਰਕੂ ਹਿੰਸਾ ਭੜਕਾਉਣ ਲਈ ਜ਼ਿਮੇਵਾਰ ਮਨੀਪੁਰ ਸਰਕਾਰ ਫੌਰੀ ਬਰਖ਼ਾਸਤ ਕਰਕੇ ਉੱਥੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ, ਸੁਪਰੀਮ ਕੋਰਟ ਦੀ ਅਗਵਾਈ 'ਚ ਜੱਜਾਂ ਦਾ ਕਮਿਸ਼ਨ ਬਣਾ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਪਹਿਚਾਣ ਕਰਕੇ ਫ਼ਾਂਸੀ ਦੀਆਂ ਸਜ਼ਾਵਾਂ ਯਕੀਨੀ ਬਣਾਈਆਂ ਜਾਣ। ਆਗੂਆਂ ਪੰਜਾਬ ਸਰਕਾਰ ਪਾਸੋਂ ਹੜ੍ਹ ਪੀੜਤਾਂ ਲਈ ਤੁਰੰਤ ਮੁਆਵਜ਼ਾ ਜਾਰੀ ਕਰਨ ਤੇ ਸੜਕਾਂ 'ਤੇ ਜਾਨ ਦਾ ਖੌਅ ਬਣੇ ਲਾਵਾਰਸ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦੀ ਵੀ ਮੰਗ ਕੀਤੀ। ਅਖੀਰ 'ਚ ਕਹਿਚਰੀ ਚੌਕ ਤੋਂ ਪ੍ਰਦਰਸ਼ਨ ਕਰਕੇ ਕਿਸਾਨ ਡੀਸੀ ਦਫ਼ਤਰ ਪੁੱਜੇ, ਜਿੱਥੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਰਾਸ਼ਟਰਪਤੀ ਦਰੋਪਦੀ ਮੂਰਮੂ ਦੇ ਨਾਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੂੰ ਕਿਸਾਨ ਵਫ਼ਦ ਵੱਲੋਂ ਮੰਗ ਪੱਤਰ ਸੌਂਪਿਆ ਗਿਆ।
