ਮੰਡੀ ਬੋਰਡ ਦਾ ਪੋਰਟਲ ਠੱਪ
ਲੰਬੀ ਹਲਕੇ ਦੇ 23 ਖਰੀਦ ਕੇਂਦਰਾਂ ’ਤੇ ਪੰਜਾਬ ਮੰਡੀ ਬੋਰਡ ਦਾ ਈ-ਮੰਡੀਕਰਨ ਪੋਰਟਲ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਲੰਘੇ ਦਿਨ ਤੋਂ ਫਸਲ ਵਿਕਰੀ ਦੇ ਬਿੱਲ ਬਣਣ ਬੰਦ ਹੋਣ ਨਾਲ ਹਜ਼ਾਰਾਂ ਕਿਸਾਨ ਤੇ ਸੈਂਕੜੇ ਆੜ੍ਹਤੀਆਂ ਪ੍ਰੇਸ਼ਾਨ ਹਨ। ਮੌਜੂਦਾ ਸਮੇਂ ਮਾਰਕੀਟ ਕਮੇਟੀ ਕਿੱਲਿਆਂਵਾਲੀ ਹੇਠਲੇ ਕੇਂਦਰਾਂ ’ਤੇ 18,352 ਮੀਟ੍ਰਿਕ ਟਨ ਝੋਨਾ ਅਣਵਿਕਿਆ ਪਿਆ ਹੈ। ਇਹ ਸਮੱਸਿਆ ਪਿੰਡ ਕਿੱਲਿਆਂਵਾਲੀ ਤੇ ਵੜਿੰਗਖੇੜਾ ਦੇ ਪੋਰਟਲ ‘ਤੇ ਗੁਆਚੇ ਰਕਬੇ ਦੀ ਦਰੁਸਤੀ ਮਗਰੋਂ ਉਭਰੀ, ਜਿਸ ਨਾਲ ਲੰਬੀ ਹਲਕੇ ਦੀ ਖਰੀਦ ਪ੍ਰਣਾਲੀ ਠੱਪ ਹੋ ਗਈ। ਸੋਮਵਾਰ ਨੂੰ ਮੀਡੀਆ ਰਿਪੋਰਟ ਬਾਅਦ ਮੰਡੀ ਬੋਰਡ ਨੇ ਦੋਵੇਂ ਪਿੰਡਾਂ ਦਾ ਰਕਬਾ ਅਪਡੇਟ ਕਰ ਦਿੱਤਾ ਸੀ, ਜਿਸ ਮਗਰੋਂ ਹਲਕੇ ਦੇ ਸਾਰੇ 23 ਕੇਂਦਰਾਂ ਦਾ ਲਿੰਕ ਮਲੋਟ ਨਾਲੋਂ ਟੁੱਟ ਗਿਆ। ਸੂਤਰਾਂ ਮੁਤਾਬਕ, ਮਾਰਕੀਟ ਕਮੇਟੀ ਕਿੱਲਿਆਂਵਾਲੀ ਦੇ ਗਠਨ ਚਾਰ ਮਹੀਨੇ ਬਾਅਦ ਵੀ ਇਹ ਖਰੀਦ ਕੇਂਦਰ ਈ-ਪੋਰਟਲ ‘ਤੇ ਮਲੋਟ ਕਮੇਟੀ ਹੇਠ ਦਰਜ ਸਨ। ਹੁਣ 23 ਕੇਂਦਰਾਂ ਦਾ ਡਾਟਾ ਨਵੀਂ ਕਮੇਟੀ ਹੇਠ ਅਪਡੇਟ ਹੋਣ ਨਾਲ ਮਲੋਟ ਕਮੇਟੀ ਹੇਠਲੇ ਲਾਇਸੈਂਸ ਬੰਦ ਹੋ ਗਏ ਹਨ ਅਤੇ ਝੋਨੇ ਦੇ ਬਿੱਲ ਬਣਨੇ ਰੁਕ ਗਏ ਹਨ। ਸੁਪਰਵਾਈਜ਼ਰ ਦੀਪ ਸਿੰਘ ਨੇ ਦੱਸਿਆ ਕਿ ਨਵੇਂ ਲਾਇਸੈਂਸ ਜਾਰੀ ਹੋਣ ਮਗਰੋਂ ਹੀ ਸਮੱਸਿਆ ਦਾ ਹੱਲ ਹੋਵੇਗਾ। ਅੱਜ ਸ਼ਾਮ ਤੱਕ 69 ਨਵੇਂ ਲਾਇਸੈਂਸਾਂ ਲਈ ਆਨਲਾਇਨ ਅਰਜ਼ੀਆਂ ਆਈਆਂ ਹਨ। ਦੂਜੇ ਪਾਸੇ ਆੜ੍ਹਤੀਆਂ ਨੇ ਦੋਸ਼ ਲਾਇਆ ਕਿ ਮੰਡੀ ਬੋਰਡ ਵੱਲੋਂ ਸਮੇਂ ਸਿਰ ਕਾਰਵਾਈ ਨਾ ਕਰਨ ਕਾਰਨ ਪ੍ਰੇਸ਼ਾਨੀ ਆ ਰਹੀ ਹੈ।
 
 
             
            