ਪੁਲੀਸ ਵਰਦੀ ਵਿੱਚ ਆਏ ਸ਼ਖ਼ਸ ਨੇ 2.15 ਲੱਖ ਖੋਹੇ
ਇੱਥੋਂ ਨੇੜਲੇ ਪਿੰਡ ਕੋਹਾਰਵਾਲਾ ਕੋਲ ਸਬਜ਼ੀ ਵਿਕਰੇਤਾ ਤੋਂ ਪੁਲੀਸ ਦੀ ਵਰਦੀ ਵਿੱਚ ਆਏ ਸ਼ੱਕੀ ਵਿਅਕਤੀ ਤੇ ਉਸ ਦੇ ਤਿੰਨ ਸਾਥੀਆਂ ਨੇ ਤਲਾਸ਼ੀ ਲੈਣ ਬਹਾਨੇ 2.15 ਲੱਖ ਰੁਪਏ ਖੋਹ ਲਏ। ਥਾਣਾ ਸਦਰ ਕੋਟਕਪੂਰਾ ਦੀ ਪੁਲੀਸ ਨੇ ਚਾਰ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਿੰਡ ਕੋਹਾਰਵਾਲਾ ਵਾਸੀ ਸਬਜ਼ੀ ਦੇ ਵਪਾਰੀ ਕੁਲਵੰਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਹਰੀਨੌ ਬੈਂਕ ਵਿੱਚੋਂ 2.15 ਲੱਖ ਰੁਪਏ ਕਢਵਾਏ ਸਨ ਤੇ ਕਾਰ ਵਿੱਚ ਪਿੰਡ ਵੱਲ ਜਾ ਰਿਹਾ ਸੀ। ਉਹ ਜਦੋਂ ਪਿੰਡ ਕੋਹਾਰਵਾਲਾ ਨਜ਼ਦੀਕ ਪੁੱਜਿਆ ਤਾਂ ਪੁਲੀਸ ਦਾ ਸਟਿਕਰ ਲੱਗੀ ਕਾਰ ’ਚ ਸਵਾਰ ਚਾਰ ਜਣਿਆਂ ਨੇ ਉਸ ਨੂੰ ਰੋਕ ਕੇ ਤਲਾਸ਼ੀ ਲਈ। ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਕਦਮ ਕਾਰ ਉਸ ਦੇ ਅੱਗੇ ਲਗਾ ਕੇ ਉਸ ਨੂੰ ਘੇਰ ਲਿਆ। ਉਨ੍ਹਾਂ ਵਿੱਚੋਂ ਇੱਕ ਜਣੇ ਨੇ ਖ਼ੁਦ ਨੂੰ ਪੁਲੀਸ ਮੁਲਾਜ਼ਮ ਦੱਸਦਿਆਂ ਕਾਰ ਦੀ ਤਲਾਸ਼ੀ ਲੈਣ ਦੀ ਗੱਲ ਕੀਤੀ। ਪੀੜਤ ਨੇ ਦੱਸਿਆ ਕਿ ਕਾਰ ਦੀ ਤਲਾਸ਼ੀ ਦੌਰਾਨ ਉਨ੍ਹਾਂ ਨੇ ਵਿੱਚ ਪਿਆ ਪੈਸਿਆਂ ਵਾਲਾ ਬੈਗ ਚੁੱਕ ਲਿਆ ਤੇ ਕੋਟਕਪੂਰਾ ਤੱਕ ਕਾਰ ਉਨ੍ਹਾਂ ਦੀ ਕਾਰਨ ਦੇ ਪਿੱਛੇ ਲਿਆਉਣ ਲਈ ਆਖ ਕੇ ਉਹ ਅੱਗੇ ਅੱਗੇ ਚੱਲ ਪਏ। ਉਸ ਨੇ ਦੱਸਿਆ ਕਿ ਉਹ ਜਦੋਂ ਵਾੜਾਦੁੜਾਕਾ ਕੋਲ ਪੁੱਜਾ ਤਾਂ ਮੁਲਜ਼ਮ ਕਾਰ ਸਵਾਰ ਉਸ ਨੂੰ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ।
ਥਾਣਾ ਸਦਰ ਦੇ ਏ ਐੱਸ ਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਚਾਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
