ਆਰਥਿਕ ਤੰਗੀ ਤੇ ਮਾਨਸਿਕ ਤਣਾਅ ਕਾਰਨ ਡਰਾਈਵਰ ਨੇ ਫਾਹਾ ਲਿਆ
ਇਥੇ ਪੰਜਪੀਰ ਟਿੱਬਾ ਦੇ ਇੱਕ ਵਿਅਕਤੀ ਨੇ ਆਰਥਿਕ ਤੰਗੀ ਅਤੇ ਮਾਨਸਿਕ ਤਣਾਅ ਤੋਂ ਤੰਗ ਆ ਕੇ ਬੀਤੀ ਦੇਰ ਰਾਤ ਬਿਜਲੀ ਦੇ ਖੰਭੇ ਨਾਲ ਲਟਕ ਕੇ ਫਾਹਾ ਲੈ ਲਿਆ। ਮ੍ਰਿਤਕ ਦੀ ਪਛਾਣ ਮੰਗਲ ਸਿੰਘ ਵਜੋਂ ਹੋਈ ਹੈ। ਪੁੁਲੀਸ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਜਾਣਕਾਰੀ ਅਨੁਸਾਰ, ਮੰਗਲ ਸਿੰਘ (45) ਟਰੱਕ ਚਲਾਉਂਦਾ ਸੀ ਅਤੇ ਉਸ ਕੋਲ ਦੋ ਟਰੱਕ ਹਨ ਜਿਨ੍ਹਾਂ ’ਤੇ ਉਸ ਨੇ ਬੈਂਕ ਤੋਂ ਕਰਜ਼ਾ ਲਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੰਗਲ ਸਿੰਘ ਦੇ ਦੋਵੇਂ ਟਰੱਕ ਪਿਛਲੇ ਇੱਕ ਮਹੀਨੇ ਤੋਂ ਘਰ ਵਿੱਚ ਖੜ੍ਹੇ ਹਨ ਕਿਉਂਕਿ ਕੋਈ ਕੰਮ ਨਹੀਂ ਸੀ। ਇਸ ਕਾਰਨ ਉਹ ਉਨ੍ਹਾਂ ਦੀਆਂ ਕਿਸ਼ਤਾਂ ਨਹੀਂ ਦੇ ਸਕਿਆ। ਇਸ ਤੋਂ ਇਲਾਵਾ ਮੰਗਲ ਸਿੰਘ ਦੇ ਵੱਡੇ ਪੁੱਤਰ ਦਾ ਕੁਝ ਦਿਨ ਪਹਿਲਾਂ ਇੱਕ ਲੜਕੀ ਨਾਲ ਪ੍ਰੇਮ ਵਿਆਹ ਹੋਇਆ ਸੀ, ਜਿਸ ਦੇ ਪਰਿਵਾਰਕ ਮੈਂਬਰ ਮੰਗਲ ਸਿੰਘ ਨੂੰ ਵੀ ਤੰਗ ਕਰਦੇ ਸਨ। ਉਹ ਇਨ੍ਹਾਂ ਦੋਵਾਂ ਗੱਲਾਂ ਕਾਰਨ ਤਣਾਅ ਵਿੱਚ ਸੀ। ਇਸ ਕਾਰਨ ਉਹ ਬੀਤੀ ਰਾਤ ਲਗਪਗ 2.30 ਵਜੇ ਘਰੋਂ ਚਲਾ ਗਿਆ ਅਤੇ ਘਰ ਤੋਂ ਥੋੜ੍ਹੀ ਦੂਰੀ 'ਤੇ ਇੱਕ ਖਾਲੀ ਪਲਾਟ ਵਿੱਚ ਸਥਿਤ ਬਿਜਲੀ ਦੇ ਖੰਭੇ ਨਾਲ ਫਾਹਾ ਲੈ ਲਿਆ। ਜਦੋਂ ਪਰਿਵਾਰਕ ਮੈਂਬਰਾਂ ਨੂੰ ਸਵੇਰੇ ਉਹ ਘਰ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਕੀਤੀ ਤਾਂ ਮੰਗਲ ਸਿੰਘ ਦੀ ਲਾਸ਼ ਖੰਭੇ ਨਾਲ ਲਟਕ ਰਹੀ ਸੀ। ਉਨ੍ਹਾਂ ਨੇ ਉਸ ਨੂੰ ਹੇਠਾਂ ਉਤਾਰਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਏਐੱਸਆਈ ਗੁਰਮੇਲ ਸਿੰਘ ਪੁਲੀਸ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਸੋਨੂ ਅਤੇ ਮੋਨੂ ਗਰੋਵਰ ਦੀ ਮਦਦ ਨਾਲ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ।