ਪਤਨੀ ਦੇ ਕਤਲ ਦੇ ਦੋਸ਼ ’ਚ ਹੇਠ ਗ੍ਰਿਫ਼ਤਾਰ
ਇਥੋਂ ਦੀ ਬੂਟਾ ਰਾਮ ਕਲੋਨੀ ’ਚ ਮਹਿਲਾ ਦੀ ਹੋਈ ਭੇਤ-ਭਰੀ ਮੌਤ ਦੇ ਮਾਮਲੇ ’ਚ ਪੁਲੀਸ ਨੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ’ਤੇ ਮਹਿਲਾ ਦੀ ਚੁੰਨੀ ਨਾਲ ਕਥਿਤ ਤੌਰ ’ਤੇ ਗਲਾ ਘੁੱਟ ਕੇ ਮਾਰਨ ਦਾ ਦੋਸ਼ ਹੈ। ਸਿਵਲ ਲਾਈਨ ਥਾਣਾ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਹਿਸਾਰ ਜ਼ਿਲ੍ਹੇ ਦੇ ਪਿੰਡ ਕਾਲੀਰਾਵਣ ਦੇ ਵਾਸੀ ਬਲਵਾਨ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਧੀ ਕਾਂਤਾ ਉਮਰ 20 ਸਾਲ ਦਾ ਵਿਆਹ ਦੋ ਸਾਲ ਪਹਿਲਾਂ ਸਿਰਸਾ ਦੇ ਬੂਟਾ ਰਾਮ ਕਲੋਨੀ ਵਾਸੀ ਰੋਸ਼ਨ ਲਾਲ ਨਾਲ ਹੋਇਆ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਰੋਸ਼ਨ ਲਾਲ ਅਤੇ ਉਸ ਦਾ ਪਰਿਵਾਰ ਵਿਆਹ ਮਗਰੋਂ ਦਾਜ ਲਈ ਉਸ ਦੀ ਧੀ ਨੂੰ ਤੰਗ ਕਰਦਾ ਰਹਿੰਦਾ ਸੀ। ਬੀਤੀ 24 ਸਤੰਬਰ ਨੂੰ ਕਾਂਤਾ ਦੀ ਭੇਤਭਰੀ ਹਾਲਤ ਵਿੱਚ ਉਨ੍ਹਾਂ ਨੂੰ ਮੌਤ ਦਾ ਸੁਨੇਹਾ ਮਿਲਿਆ। ਸ਼ਿਕਾਇਤ ਮਿਲਣ ਮਗਰੋਂ ਪੁਲੀਸ ਨੇ ਮਾਮਲੇ ਦੀ ਜਾਂਚ ਕਰਦਿਆਂ ਮਹਿਲਾ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਦੀ ਦੇਹ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਉਸ ਦੀ ਰਿਪੋਰਟ ਮਿਲਣੀ ਹਾਲੇ ਬਾਕੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਮੁਲਜ਼ਮ ਵੱਲੋਂ ਕੀਤੀ ਗਈ ਮੁੱਢਲੀ ਪੁੱਛ-ਪੜਤਾਲ ’ਚ ਉਸ ਨੇ ਦੱਸਿਆ ਹੈ ਕਿ ਮਹਿਲਾ ਨੇ ਖੁਦਕੁਸ਼ੀ ਨਹੀਂ ਬਲਕਿ ਉਸ ਦੇ ਪਤੀ ਨੇ ਉਸ ਦੀ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕੀਤਾ ਹੈ। ਫਿਲਹਾਲ ਪੁਲੀਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।